ਪੰਜਾਬ ਰੋਡਵੇਜ਼, ਪਨਬੱਸ ਤੇ ਪੀ ਆਰ ਟੀ ਸੀ ਦੇ ਮੁਲਾਜ਼ਮ ਆਪਣੀਆਂ ਯੂਨੀਅਨਾਂ ਦੀ ਅਗਵਾਈ ਵਿੱਚ ਲੰਮੇ ਸਮੇਂ ਤੋਂ ਪ੍ਰਾਈਵੇਟ ਟਰਾਂਸਪੋਰਟਾਂ ਦੀਆਂ ਮਨਮਾਨੀਆਂ ਵਿਰੁੱਧ ਸੰਘਰਸ਼ ਕਰਦੇ ਰਹੇ ਹਨ। ਉਨ੍ਹਾਂ ਦੀਆਂ ਯੂਨੀਅਨਾਂ ਇਹ ਇਲਜ਼ਾਮ ਲਾਉਂਦੀਆਂ ਰਹੀਆਂ ਹਨ ਕਿ ਸੱਤਾਧਾਰੀ ਆਪਣੇ ਚਹੇਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਲਾਭ ਪੁਚਾਉਣ ਲਈ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਾਂ ਨੂੰ ਲਗਾਤਾਰ ਖੋਰਾ ਲਾ ਰਹੇ ਹਨ। ਪ੍ਰਾਈਵੇਟ ਟਰਾਂਸਪੋਰਟਰ ਇੱਕ-ਇੱਕ ਪਰਮਿਟ ’ਤੇ ਕਈ ਬੱਸਾਂ ਚਲਾਉਂਦੇ ਤੇ ਸਰਕਾਰੀ ਬੱਸਾਂ ਦੇ ਮੂਹਰੇ ਅਣਅਧਿਕਾਰਤ ਬੱਸਾਂ ਲਾ ਕੇ ਸਵਾਰੀਆਂ ਹੂੰਝ ਕੇ ਲੈ ਜਾਂਦੇ ਰਹੇ ਹਨ। ਜੇ ਸਰਕਾਰ ਅਕਾਲੀਆਂ ਦੀ ਬਣ ਗਈ ਤਾਂ ਕਾਂਗਰਸੀ ਟਰਾਂਸਪੋਰਟਰਾਂ ਨੂੰ ਕੋਈ ਰੋਕ-ਟੋਕ ਨਹੀਂ ਸੀ ਹੁੰਦੀ ਤੇ ਸਰਕਾਰ ਕਾਂਗਰਸ ਦੀ ਬਣੀ ਤਾਂ ਅਕਾਲੀਆਂ ਦੀਆਂ ਬੱਸਾਂ ਮਨਮਾਨੀ ਕਰਦੀਆਂ ਰਹਿੰਦੀਆਂ ਸਨ। ਸਿੱਟਾ ਇਹ ਨਿਕਲਦਾ ਸੀ ਕਿ ਸਰਕਾਰੀ ਟਰਾਂਸਪੋਰਟਾਂ ਘਾਟੇ ਸਹਿਣ ਲਈ ਮਜਬੂਰ ਹੋ ਜਾਂਦੀਆਂ ਸਨ।
ਪਿਛਲੇ ਸਮੇਂ ਦੌਰਾਨ ਪੰਜਾਬ ਰੋਡਵੇਜ਼ ਤੇ ਪੈਪਸੂ ਟਰਾਂਸਪੋਰਟ ਦੀਆਂ ਯੂਨੀਅਨਾਂ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਤੇ ਇਨ੍ਹਾਂ ਸਰਕਾਰੀ ਅਦਾਰਿਆਂ ਨੂੰ ਬਚਾਉਣ ਲਈ ਤਿੱਖੇ ਸੰਘਰਸ਼ ਜਥੇਬੰਦ ਕੀਤੇ ਗਏ ਸਨ। ਇਨ੍ਹਾਂ ਸੰਘਰਸ਼ਾਂ ਦੇ ਸਿੱਟੇ ਵਜੋਂ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਪਾਸੇ ਕੁਝ ਕਦਮ ਪੁੱਟਣੇ ਪਏ ਸਨ। ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਮਨਮਾਨੀਆਂ ਨੂੰ ਨੱਥ ਪਾਈ ਗਈ ਤੇ ਸਰਕਾਰੀ ਬੱਸਾਂ ਦੇ ਬੰਦ ਪਏ ਰੂਟ ਮੁੜ ਚਾਲੂ ਕੀਤੇ ਗਏ।
ਇਨ੍ਹਾਂ ਸਾਰਥਕ ਕਦਮਾਂ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਆਪਣੇ ਪਹਿਲੇ ਛੇ ਮਹੀਨਿਆਂ ਵਿੱਚ 608.21 ਕਰੋੜ ਰੁਪਏ ਦੇ ਵਾਧੇ ਨਾਲ 1957.64 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਪਿਛਲੇ ਸਾਲ ਇਸ ਅਰਸੇ ਦੌਰਾਨ ਵਿਭਾਗ ਦੀ ਆਮਦਨ 1349.43 ਕਰੋੜ ਰੁਪਏ ਸੀ। ਇਸ ਤਰ੍ਹਾਂ ਹੁਣ ਪਿਛਲੇ ਸਾਲ ਦੇ ਮੁਕਾਬਲੇ ਆਮਦਨ ਵਿੱਚ 45.07 ਫ਼ੀਸਦੀ ਦਾ ਵਾਧਾ ਹੋਇਆ ਹੈ।
ਟਰਾਂਸਪੋਰਟ ਵਿਭਾਗ ਦੀਆਂ ਤਿੰਨ ਬਰਾਂਚਾਂ ਹਨ, ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ ਟੀ ਸੀ), ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਤੇ ਪੰਜਾਬ ਰੋਡਵੇਜ਼/ਪਨਸਬ। ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ ਕੁੱਲ 1203.39 ਕਰੋੜ ਦੀ ਆਮਦਨ ਹੋਈ ਹੈ, ਜੋ ਪਿਛਲੀ ਸਰਕਾਰ ਸਮੇਂ ਇਸ ਅਰਸੇ ਦੌਰਾਨ 855.95 ਕਰੋੜ ਰੁਪਏ ਹੋਈ ਸੀ। ਇਸ ਤਰ੍ਹਾਂ ਇਹ ਵਾਧਾ 40.60 ਫ਼ੀਸਦੀ ਬਣਦਾ ਹੈ।
ਇਸੇ ਤਰ੍ਹਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ 393.62 ਕਰੋੜ ਰੁਪਏ ਕਮਾਏ ਹਨ, ਜਦੋਂ ਕਿ ਪਿਛਲੇ ਵਰ੍ਹੇ ਇਸੇ ਅਰਸੇ ਦੌਰਾਨ ਇਹ ਆਮਦਨੀ 246.13 ਕਰੋੜ ਰੁਪਏ ਸੀ। ਇਸ ਤਰ੍ਹਾਂ ਪੀ ਆਰ ਟੀ ਸੀ ਨੇ 60 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਪੰਜਾਬ ਰੋਡਵੇਜ਼ ਤੇ ਪਨਬੱਸ ਨੇ ਪਿਛਲੇ ਸਾਲ ਅਪ੍ਰੈਲ ਤੋਂ ਸਤੰਬਰ ਵਿੱਚ ਕਮਾਏ 247.35 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਇਸ ਅਰਸੇ ਦੌਰਾਨ 113.28 ਕਰੋੜ ਰੁਪਏ ਦੇ ਵਾਧੇ ਨਾਲ 360.63 ਕਰੋੜ ਰੁਪਏ ਕਮਾਏ ਹਨ, ਜੋ ਪਿਛਲੇ ਸਾਲ ਨਾਲੋਂ 45.79 ਫ਼ੀਸਦੀ ਵੱਧ ਹਨ। ਇਸ ਪ੍ਰਾਪਤੀ ਬਾਰੇ ਗੱਲ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਟੈਕਸ ਚੋਰੀ, ਗੈਰ ਕਾਨੂੰਨੀ ਕਾਰਵਾਈਆਂ ਤੇ ਬਿਨਾਂ ਪਰਮਿਟ ਬੱਸਾਂ ਚਲਾਉਣ ਵਾਲੇ ਬੱਸ ਅਪਰੇਟਰਾਂ ਉੱਤੇ ਨਕੇਲ ਕੱਸਣ ਕਾਰਨ ਇਹ ਸੰਭਵ ਹੋ ਸਕਿਆ ਹੈ।
ਅਸੀਂ ਸਮਝਦੇ ਹਾਂ ਇਸ ਪ੍ਰਾਪਤੀ ਲਈ ਇਨ੍ਹਾਂ ਸਰਕਾਰੀ ਟਰਾਂਸਪੋਰਟ ਅਦਾਰਿਆਂ ਦੇ ਮੁਲਾਜ਼ਮ ਤੇ ਉਨ੍ਹਾਂ ਦੀਆਂ ਯੂਨੀਅਨਾਂ ਵੀ ਵਧਾਈ ਦੀਆਂ ਹੱਕਦਾਰ ਹਨ, ਜਿਹੜੇ ਵਰ੍ਹਿਆਂ ਤੋਂ ਇਸ ਲਈ ਸੰਘਰਸ਼ ਕਰਦੇ ਰਹੇ ਹਨ। ਅਸੀਂ ਇਸ ਮੌਕੇ ਪੰਜਾਬ ਸਰਕਾਰ ਨੂੰ ਕਹਾਂਗੇ ਕਿ ਉਹ ਆਪਣੀ ਇਸ ਸੇਧ ਨੂੰ ਕਾਇਮ ਰੱਖਦੇ ਹੋਏ ਇਨ੍ਹਾਂ ਅਦਾਰਿਆਂ ਦੇ ਮੁਲਾਜ਼ਮਾਂ ਵੱਲੋਂ ਉਠਾਈਆਂ ਜਾ ਰਹੀਆਂ ਹੋਰ ਮੰਗਾਂ ਨੂੰ ਪੂਰਿਆਂ ਕਰਨ ਵੱਲ ਵੀ ਮੂੰਹ ਕਰੇ ਤਾਂ ਜੋ ਉਨ੍ਹਾਂ ਨੂੰ ਹੜਤਾਲਾਂ, ਧਰਨੇ ਲਾਉਣ ਦੀ ਲੋੜ ਨਾ ਪਵੇ।
-ਚੰਦ ਫਤਿਹਪੁਰੀ