ਜਲਾਲਾਬਾਦ (ਰਣਬੀਰ ਕੌਰ ਢਾਬਾਂ,
ਜੰਗੀਰ ਕੌਰ, ਜੀਤ ਕੁਮਾਰ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 1 ਸਤੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਖੇ ਦੇਸ਼-ਵਿਆਪੀ ਵਿਸ਼ਾਲ ਰੈਲੀ ‘ਬਦਲਾਅ ਜ਼ਰੂਰੀ ਹੈ’ ਦੇ ਨਾਂਅ ‘ਤੇ ਕੀਤੀ ਜਾ ਰਹੀ ਹੈ। ਰੈਲੀ ਦੀ ਕਾਮਯਾਬੀ ਲਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਜਲਾਲਾਬਾਦ ਵਿਖੇ ਜਨਰਲ ਬਾਡੀ ਦੀ ਮੀਟਿੰਗ ਸਥਾਨਕ ਸੁਤੰਤਰ ਭਵਨ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਰਮੇਸ਼ ਪੀਰ ਮੁਹੰਮਦ ਨੇ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਸੁਰਿੰਦਰ ਢੰਡੀਆਂ ਅਤੇ ਸੀ ਪੀ ਆਈ ਦੇ ਸੀਨੀਅਰ ਆਗੂ ਹੰਸ ਰਾਜ ਗੋਲਡਨ ਨੇ ਕਿਹਾ ਕਿ ਇਸ ਰੈਲੀ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਵਿੱਚੋਂ ਵੱਡੀ ਗਿਣਤੀ ਵਿੱਚ ਸਾਥੀ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਦੇਸ਼ ਭਰ ਵਿੱਚ ਦੇਸ਼ ਦੀ ਸੱਤਾ ‘ਤੇ ਬਿਰਾਜਮਾਨ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਹਰ ਵਰਗ ਦੁਖੀ ਹੋ ਚੁੱਕਿਆ ਹੈ। ਮਹਿੰਗਾਈ ਲਗਾਤਾਰ ਬੇਰੋਕ ਵਧਦੀ ਜਾ ਰਹੀ ਹੈ। ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਗਰੀਬ ਦਿਨੋਂ-ਦਿਨ ਗਰੀਬ ਅਤੇ ਕਾਰਪੋਰੇਟ ਘਰਾਣੇ ਅਮੀਰ ਹੁੰਦੇ ਜਾ ਰਹੇ ਹਨ। ਮੋਦੀ ਸਰਕਾਰ ਦੀ ਨਜ਼ਰ ਵਿੱਚ ਭਾਰਤ ਤਰੱਕੀ ਕਰ ਰਿਹਾ ਹੈ, ਪ੍ਰੰਤੂ ਜ਼ਮੀਨੀ ਹਕੀਕਤ ਵਿੱਚ ਆਮ ਲੋਕਾਂ ਦਾ ਮਹਿੰਗਾਈ ਨਾਲ ਕਚੂੰਬਰ ਕੱਢਿਆ ਜਾ ਰਿਹਾ ਹੈ। ਦੇਸ਼ ਦੇ ਹਾਕਮਾਂ ਨੂੰ ਇਹ ਦੱਸਣ ਲਈ ਕਿ ਉਹ ਲੋਕ ਹਿੱਤਾਂ ਲਈ ਕਾਨੂੰਨ ਬਣਾਉਣ ਦੀ ਆਵਾਜ਼ ਬੁਲੰਦ ਕਰਨ ਲਈ ਇਹ ਰੈਲੀ ਕੀਤੀ ਜਾ ਰਹੀ ਹੈ।
ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਬੇਗ ਝੰਗੜ ਭੈਣੀ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਦੇਸ਼ ਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ‘ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ’ (ਬਨੇਗਾ) ਨੂੰ ਪਾਸ ਕਰਵਾਉਣ ਲਈ ਦੇਸ਼ ਦੇ ਨੌਜਵਾਨਾਂ ਨੂੰ ਇਸ ਰੈਲੀ ਵਿੱਚ ਪਹੁੰਚਣ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਮੂਲੀਅਤ ਕਰਨਗੇ। ਸੀ ਪੀ ਆਈ ਬਲਾਕ ਜਲਾਲਾਬਾਦ ਦੇ ਸਕੱਤਰ ਛਿੰਦਰ ਮਹਾਲਮ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ ਨੇ ਕਿਹਾ ਕਿ ਪੂਰਾ ਦੇਸ਼ ਮੋਦੀ ਦੀ ਹਕੂਮਤ ਤੋਂ ਤੰਗ ਆ ਕੇ ਜ਼ਮੀਨੀ ਪੱਧਰ ‘ਤੇ ਬਦਲਾਅ ਚਾਹੁੰਦਾ ਹੈ, ਇਸ ਲਈ ਸੀ ਪੀ ਆਈ ਵੱਲੋਂ ਦੇਸ਼-ਵਿਆਪੀ ‘ਬਦਲਾਅ ਜ਼ਰੂਰੀ ਹੈ’ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਕੌਰ ਢੰਡੀਆਂ, ਜੰਮੂ ਰਾਮ ਬੰਨਵਾਲਾ, ਹਰਭਜਨ ਛੱਪੜੀ ਵਾਲਾ, ਗੁਰਦਿਆਲ ਢਾਬਾਂ, ਬਲਵੀਰ ਕਾਠਗੜ੍ਹ, ਬਲਵੰਤ ਚੌਹਾਣਾ, ਤੇਜਾ ਸਿੰਘ ਅਮੀਰ ਖਾਸ, ਸੋਨੂੰ ਧੁਨਕੀਆਂ, ਸੰਦੀਪ ਜੋਧਾ, ਸਤੀਸ਼ ਛੱਪੜੀ ਵਾਲਾ, ਕੁਲਦੀਪ ਬੱਖੂ ਸ਼ਾਹ ਤੇ ਰਾਜਵਿੰਦਰ ਨਿਉਲਾ ਆਦਿ ਸ਼ਾਮਲ ਸਨ।





