ਮੁਹਾਲੀ ਬਣੇਗਾ ਆਈ ਟੀ ਹੱਬ : ਭਗਵੰਤ ਮਾਨ

0
6

ਚੰਡੀਗੜ੍ਹ (ਗੁਰਜੀਤ ਬਿੱਲਾ,
ਸੁਰਜੀਤ ਸੁਮਨ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਇੱਥੇ ‘ਨੈਸਕੌਮ (ਨੈਸ਼ਨਲ ਐਸੋਸੀਏਸ਼ਨ ਆਫ਼ ਸਾਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼) ਦੇ ਵਫ਼ਦ ਨਾਲ ਅਹਿਮ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਪੰਜਾਬ ਤੇਜ਼ੀ ਨਾਲ ਪ੍ਰਮੁੱਖ ਆਈ ਟੀ ਹੱਬ ਵਜੋਂ ਉਭਰ ਰਿਹਾ ਹੈ, ਜਿਸ ਤਹਿਤ ਮੁਹਾਲੀ ਏ ਆਈ, ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ ਲਈ ਮੋਹਰੀ ਕੇਂਦਰ ਬਣਨ ਲਈ ਤਿਆਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਮਜ਼ਬੂਤ ਹੁਨਰਮੰਦ ਪ੍ਰਤਿਭਾ ਪੂਲ, ਘੱਟ ਕਾਰੋਬਾਰੀ ਲਾਗਤਾਂ, ‘ਇਨਵੈਸਟ ਪੰਜਾਬ’ ਅਤੇ ਨਵੀਂ ਜੀ ਸੀ ਸੀ ਨੀਤੀ 2026 ਤਕਨਾਲੋਜੀ ਕੰਪਨੀਆਂ ਅਤੇ ਨਵੇਂ ਨਿਵੇਸ਼ ਲਈ ਮਜ਼ਬੂਤ ਈਕੋ-ਸਿਸਟਮ ਤਿਆਰ ਕਰ ਰਹੀ ਹੈ। ਉਨ੍ਹਾ ਕਿਹਾ ਕਿ ਸਰਕਾਰ ਪੰਜਾਬ ਵਿੱਚ ਹੋਰ ਨਿਵੇਸ਼ ਲਿਆਉਣ ਅਤੇ ਆਪਣੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ‘ਤੇ ਧਿਆਨ ਕੇਂਦਰਤ ਕਰ ਰਹੀ ਹੈ।
ਉਹਨਾ ਨੈਸਕੌਮ ਨੂੰ ਮੁਹਾਲੀ ਵਿੱਚ ਅਤਿ-ਆਧੁਨਿਕ ਸਟਾਰਟਅੱਪ ਇਨਕਿਊਬੇਟਰ ਵਿੱਚ ਪੰਜਾਬ ਨਾਲ ਭਾਈਵਾਲੀ ਕਰਨ ਅਤੇ ਸੂਬੇ ਦੇ ਸਟਾਰਟਅੱਪ ਅਤੇ ਇਨੋਵੇਸ਼ਨ ਈਕੋ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਆਖਿਆ, ‘ਪੰਜਾਬ ਨੇ ਸੂਬੇ ਦੇ ਖੇਤੀਬਾੜੀ ਖੇਤਰ ਵਿੱਚ ਏ ਆਈ ਨੂੰ ਸ਼ਾਮਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਆਈ ਆਈ ਟੀ ਰੋਪੜ ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਨਾਲ ਹੱਥ ਮਿਲਾਇਆ ਹੈ। ਇਹ ਸਹਿਯੋਗ ਕਿਸਾਨਾਂ ਦੀ ਪੈਦਾਵਾਰ ਵਧਾਉਣ ਅਤੇ ਸਥਿਰਤਾ ਨੂੰ ਉਤਸ਼ਾਹਤ ਕਰਨ ਲਈ ਸਮਾਰਟ ਫਾਰਮਿੰਗ ਮਾਡਲਾਂ ਅਤੇ ਭਵਿੱਖਬਾਣੀ ਵਿਸ਼ਲੇਸ਼ਣ ਨੂੰ ਏਕੀਕ੍ਰਿਤ ਕਰਨ ਵੱਲ ਕੰਮ ਕਰੇਗਾ।”ਮੁੱਖ ਮੰਤਰੀ ਨੇ ਕਿਹਾ ਕਿ ਬਹੁ-ਕੌਮੀ ਕਾਰਪੋਰੇਸ਼ਨਾਂ ਪੰਜਾਬ ਭਰ ਵਿੱਚ ਖ਼ਾਸ ਕਰ ਕੇ ਮੁਹਾਲੀ ਵਿੱਚ ਨਿਵੇਸ਼ ਲਈ ਭਾਰੀ ਦਿਲਚਸਪੀ ਦਿਖਾ ਰਹੀਆਂ ਹਨ।