ਜੋਗਾ/ਮਾਨਸਾ (ਆਤਮਾ ਸਿੰਘ ਪਮਾਰ)
ਕੌਮੀ ਅਜ਼ਾਦੀ ਦੇ ਪ੍ਰਵਾਨੇ, ਮੁਜ਼ਾਰਾ ਲਹਿਰ ਦੇ ਮੋਢੀ, ਸੁਤੰਤਰਤਾ ਸੰਗਰਾਮੀ, ਦੇਸ਼ ਭਗਤ ਤੇ ਮਹਾਨ ਕਮਿਊਨਿਸਟ ਆਗੂ ਸਾਬਕਾ ਵਿਧਾਇਕ ਕਾਮਰੇਡ ਜੰਗੀਰ ਸਿੰਘ ਜੋਗਾ ਦੀ 24ਵੀਂ ਬਰਸੀ ਜੋਗਾ ਵਿਖੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਗੁਰਮੀਤ ਸਿੰਘ ਜੋਗਾ ਤੇ ਬ੍ਰਾਂਚ ਸਕੱਤਰ ਸੁਖਰਾਜ ਸਿੰਘ ਜੋਗਾ ਦੀ ਯੋਗ ਅਗਵਾਈ ਹੇਠ ਪਾਰਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ ਗਈ।
ਝੰਡੇ ਦੀ ਰਸਮ ਬਜ਼ੁਰਗ ਕਮਿਊਨਿਸਟ ਆਗੂ ਮਲਕੀਤ ਸਿੰਘ ਤੇ ਸਾਥੀਆਂ ਵੱਲੋਂ ਇਨਕਲਾਬੀ ਨਾਅਰਿਆਂ ਦੀ ਗੂੰਜ ਦੌਰਾਨ ਕੀਤੀ ਗਈ।ਬਰਸੀ ਸਮਾਗਮ ਮੌਕੇ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਵੱਲੋਂ ਅਜੋਕੇ ਦੌਰ ‘ਚ ਗੰਧਲੀ ਰਾਜਨੀਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਸਮੇਂ ਦੇਸ਼ ਗੰਭੀਰ ਸੰਕਟ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ, ਦੇਸ਼ ਦੇ ਹਾਕਮ ਦੇਸ਼ ਅਤੇ ਸੰਵਿਧਾਨ ਵਿਰੋਧੀ ਤਾਕਤਾਂ ਤੋਂ ਇਲਾਵਾ ਪੂੰਜੀਪਤੀਆਂ ਦਾ ਗਠਜੋੜ ਦੇਸ਼ ਨੂੰ ਟੁਕੜੇ-ਟੁਕੜੇ ਕਰ ਕੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ ‘ਤੇ ਕਮਜ਼ੋਰ ਕਰ ਰਿਹਾ ਹੈ।ਉਹਨਾਂ ਰੁਜ਼ਗਾਰ, ਖੇਤੀਬਾੜੀ, ਮਨਰੇਗਾ ਸਮੇਤ ਲੋਕ ਹਿੱਤ ਕਾਨੂੰਨਾਂ ਦੇ ਬਚਾਅ ਲਈ ਨੇਤਾ ਨਹੀਂ, ਸਗੋਂ ਨੀਤੀ ਬਦਲਣਾ ਦਾ ਸੱਦਾ ਦਿੱਤਾ… ਇਸ ਮੌਕੇ ਉਨ੍ਹਾ ਪੰਜਾਬ ‘ਚ ਅਖੌਤੀ ਇਨਕਲਾਬੀ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਪੂਰੇ ਅਵਾਮ ਨੂੰ ਕਾਮਰੇਡ ਜੋਗਾ ਦੇ ਆਦੇਸ਼ਾਂ ‘ਤੇ ਪਹਿਰਾ ਦੇਣ ਦੀ ਅਪੀਲ ਵੀ ਕੀਤੀ ।ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਦੇਸ਼ ਅਨੇਕਾਂ ਹਮਲਿਆਂ ਤੇ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਜਿੱਥੇ ਆਰਥਿਕ ਮੰਦਹਾਲੀ ਦੇਸ਼ ਨੂੰ ਕੰਗਾਲੀ ਵੱਲ ਧੱਕ ਰਹੀ ਹੈ, ਉਥੇ 65 ਪ੍ਰਤੀਸ਼ਤ ਨੌਜਵਾਨਾਂ ਦੀ ਅਬਾਦੀ ਵਾਲੇ ਦੇਸ਼ ਦਾ ਭਵਿੱਖ ਹਨੇਰੇ ਵੱਲ ਜਾ ਰਿਹਾ ਹੈ।ਕਿਸਾਨ, ਮਜ਼ਦੂਰ ਕਰਜ਼ ਦੇ ਬੋਝ ਨੂੰ ਸਹਿਣ ਤੋਂ ਅਸਮਰੱਥ ਹੋ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ਿਆਂ ਵੱਲ ਤੋਰਿਆ ਜਾ ਰਿਹਾ ਹੈ। ਲੋਕ ਹਿੱਤ ‘ਚ ਬਣੇ ਕਾਨੂੰਨਾਂ ਨੂੰ ਖਤਮ ਕਰਕੇ ਕੇਵਲ ਸਰਮਾਏਦਾਰੀ ਦੇ ਹੱਕ ਦੇ ਕਾਨੂੰਨ ਬਣਾਏ ਜਾ ਰਹੇ।ਲੋਕਤੰਤਰ ਤੇ ਧਰਮ ਨਿਰਪੱਖਤਾ ਨੂੰ ਬਚਾਉਣ ਲਈ ਦੇਸ਼ ‘ਚ ਵੱਡੀ ਤਬਦੀਲੀ ਸਮੇਂ ਦੀ ਵੱਡੀ ਲੋੜ ਹੈ ।ਇਸ ਲਈ ਇੱਕ ਸਤੰਬਰ ਨੂੰ ‘ਦਿੱਲੀ ਚੱਲੋ’ ਦੇ ਨਾਅਰੇ ਹੇਠ ‘ਬਦਲਾਅ ਜ਼ਰੂਰੀ ਹੈ’ ਰੈਲੀ ‘ਚ ਕਾਫ਼ਲੇ ਬੰਨ੍ਹ ਤੁਰੋ।ਸੀ ਪੀ ਆਈ ਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ, ਪ੍ਰੰਤੂ ਅੱਜ ਫਾਸ਼ੀਵਾਦੀ ਤਾਕਤਾਂ, ਜੋ ਅੰਗਰੇਜ਼ ਹਕੂਮਤ ਦੀ ਦਲਾਲੀ ਕਰਨ ‘ਤੇ ਤਨਖਾਹਾਂ ਲੈਦੀਆਂ ਰਹੀਆਂ, ਅੱਜ ਇਮਾਨਦਾਰੀ ਦੇ ਸਰਟੀਫਿਕੇਟ ਵੰਡ ਰਹੀਆਂ ਹਨ।ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ ਨੇ ਇੱਕ ਸਤੰਬਰ ਦੀ ‘ਦਿੱਲੀ ਚੱਲੋ ਬਦਲਾਅ ਜ਼ਰੂਰੀ ਹੈ’ ਰੈਲੀ ‘ਚ ਘੱਟੋ-ਘੱਟ ਇੱਕ ਹਜ਼ਾਰ ਸਾਥੀਆਂ ਨੂੰ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ । ਇਸ ਮੌਕੇ ਹਾਜ਼ਰ ਸਾਥੀਆਂ ਨੇ ਜੋਗਾ ਤੋਂ ਵੱਡੇ ਕਾਫਲੇ ਨਾਲ ਸ਼ਾਮਲ ਹੋਣ ਦਾ ਵਿਸ਼ਵਾਸ ਵੀ ਦਿਵਾਇਆ। ਉੱਘੇ ਕਾਂਗਰਸੀ ਆਗੂਆਂ ਬਲਕੌਰ ਸਿੰਘ ਸਿੱਧੂ ਮੂਸੇਵਾਲਾ, ਅਮਨ ਸਿੰਗਲਾ ਢੈਪਈ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਸਵਰਨਜੀਤ ਸਿੰਘ ਦਲਿਓ, ਕਹਾਣੀਕਾਰ ਦਰਸ਼ਨ ਜੋਗਾ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।ਉਘੇ ਰੰਗਕਰਮੀ ਮੇਘ ਰਾਜ ਰੱਲਾ ਦੀ ਨਾਟਕ ਟੀਮ ਵੱਲੋਂ ਜੋਗਾ ਦੀ ਸੰਘਰਸ਼ਮਈ ਜ਼ਿੰਦਗੀ ‘ਤੇ ਅਧਾਰਤ ਨਾਟਕ ਤੇ ਕੋਰਿਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਕਰਨੈਲ ਸਿੰਘ ਭੀਖੀ ਜ਼ਿਲ੍ਹਾ ਆਗੂ ਏਟਕ, ਸੁਖਦੇਵ ਰਿਖੀ, ਮਲਕੀਤ ਸਿੰਘ ਜੋਗਾ, ਹਰਵਿੰਦਰ ਭਾਰਦਵਾਜ, ਸਾਬਕਾ ਸਰਪੰਚ ਚਰਨਜੀਤ ਮਾਖਾ, ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਹਰਦੇਵ ਸਿੰਘ ਬਖ਼ਸ਼ੀਵਾਲਾ, ਬੀਰਇੰਦਰ ਧਾਲੀਵਾਲ, ਡਾ. ਮਨਜੀਤ ਰਾਣਾ, ਮੌਜੂਦਾ ਤੇ ਸਾਬਕਾ ਨਗਰ ਕੌਂਸਲਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਨਿਵਾਸੀ, ਆਮ ਲੋਕ ਅਤੇ ਆਗੂ ਵੀ ਹਾਜ਼ਰ ਸਨ।





