ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 13 ਅਗਸਤ ਨੂੰ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਜਾਨਲੇਵਾ ਹਮਲੇ ਵਿੱਚ ਬਚਾਅ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਪੰਜਾਬ ਪਰਤ ਆਏ ਹਨ। ਉਨ੍ਹਾ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾ ਦੇ ਨਾਲ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਪਾਰਟੀ ਆਗੂ ਵੀ ਸਨ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਖਾਲਸਾ ਨੇ ਸੁਖਬੀਰ ਅਤੇ ਹਰਸਿਮਰਤ ਨੂੰ ਸਿਰੋਪਾਓ ਭੇਟ ਕੀਤੇ। ਮੱਥਾ ਟੇਕਣ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਹਮਲੇ ਵਿੱਚ ਬਚਣ ਲਈ ਸ਼ੁਕਰਾਨਾ ਅਦਾ ਕਰਨ ਅਤੇ ਸਿੱਖ ਸੰਗਤ ਦਾ ਉਨ੍ਹਾਂ ਦੀਆਂ ਅਰਦਾਸਾਂ ਅਤੇ ਸ਼ੁਭ-ਕਾਮਨਾਵਾਂ ਲਈ ਧੰਨਵਾਦ ਕਰਨ ਲਈ ਇਸ ਪਵਿੱਤਰ ਤਖ਼ਤ ਉੱਤੇ ਆਏ ਹਨ। ਸੁਖਬੀਰ ਨੇ ਕਿਹਾ, ‘ਮੈਂ ਸਿਰਫ਼ ਇੱਕ ਹੀ ਗੱਲ ਕਹਿਣਾ ਚਾਹੁੰਦਾ ਹਾਂ, ਆਓ ਪੰਜਾਬ ਨੂੰ ਬਚਾਈਏ।’



