ਪਟਨਾ (ਨ ਜ਼ ਸ)-ਸੈਂਕੜੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਮੰਗਲਵਾਰ ਗਾਂਧੀ ਮੈਦਾਨ ਤੋਂ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਨਿਵਾਸ ਵੱਲ ਮਾਰਚ ਕਰਦਿਆਂ ਬੈਰੀਕੇਡ ਤੋੜ ਦਿੱਤੇ ਅਤੇ ਡਾਕ ਬੰਗਲਾ ਚੌਕ ‘ਤੇ ਪੁਲਸ ਨਾਲ ਉਨ੍ਹਾਂ ਦੀ ਝੜਪ ਹੋ ਗਈ।
ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਜਲ-ਤੋਪਾਂ ਦੀ ਵਰਤੋਂ ਕੀਤੀ, ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਇੱਕ ਵਿਦਿਆਰਥਣ ਬੇਹੋਸ਼ ਹੋ ਗਈ। ਇਹ ਮਾਰਚ, ਜੋ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਇਆ, ਭਰਤੀ ਪ੍ਰੀਖਿਆਵਾਂ ਅਤੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਗਾਰਦਾਨੀ ਬਾਗ ਵਿਖੇ ਚੱਲ ਰਹੇ ਨਿਰੰਤਰ ਅੰਦੋਲਨ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ। ਵਿਦਿਆਰਥੀ ਪ੍ਰਸਤਾਵਤ ਚੌਥੀ ਅਧਿਆਪਕ ਭਰਤੀ ਪ੍ਰੀਖਿਆ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ, ਜਿਸ ਵਿੱਚ ਸਿੰਗਲ-ਸਟੇਜ ਪੀ ਟੀ-ਮੇਨਜ਼ ਪ੍ਰੀਖਿਆ, ਨੈਗੇਟਿਵ ਮਾਰਕਿੰਗ ਨੂੰ ਹਟਾਉਣਾ ਅਤੇ 100 ਫੀਸਦੀ ਡੋਮੀਸਾਈਲ-ਅਧਾਰਤ ਭਰਤੀ ਸ਼ਾਮਲ ਹੈ।

