ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤਾ ਮੌਤ ਦਾ ਵਾਰੰਟ ਸਾਬਤ ਹੋਵੇਗਾ : ਅਰਸ਼ੀ

0
7

ਮਾਨਸਾ (ਆਤਮਾ ਸਿੰਘ ਪਮਾਰ) : ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਦੇਸ਼ ਨੂੰ ਆਰਥਿਕ ਮੰਦਹਾਲੀ ਵੱਲ ਧੱਕਣ, ਰਾਜਨੀਤਕ ਧੱਕੇਸ਼ਾਹੀ ਕਰਕੇ ਭਾਈਚਾਰਕ ਸਾਂਝ ਨੂੰ ਫ਼ਿਰਕੂ ਰੰਗਤ ਦੇ ਕੇ ਕੇਵਲ ਪੂੰਜੀਪਤੀਆਂ ਨੂੰ ਮੁਨਾਫਾ ਦੇਣ ਦੇ ਸਿਵਾਏ ਕੁਝ ਨਹੀਂ ਕਰ ਰਹੀ। ਇਸ ਨੇ ਤਿੰਨ ਖੇਤੀ ਵਿਰੋਧੀ ਕਾਨੂੰਨ, ਕਿਰਤ ਕਾਨੂੰਨ ਤੇ ਮਨਰੇਗਾ ਸਮੇਤ ਪ੍ਰਚੂਨ ਵਪਾਰ ਖੇਤਰ ਨੂੰ ਖ਼ਤਮ ਕਰਨ ਆਦਿ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਹਨ, ਜੋ ਖੇਤੀਬਾੜੀ ਤੇ ਡੇਅਰੀ ਫਾਰਮ ਨੂੰ ਅਮਰੀਕਾ-ਭਾਰਤ ਮੁਕਤ ਵਪਾਰ ਪ੍ਰਸਤਾਵਤ ਸਮਝੌਤਾ ਮੋਦੀ ਸਰਕਾਰ ਕਰਨ ਜਾ ਰਹੀ ਹੈ, ਉਹ ਖੇਤੀਬਾੜੀ ਤੇ ਡੇਅਰੀ ਫਾਰਮ ਲਈ ਮੌਤ ਦੇ ਵਾਰੰਟ ਸਾਬਤ ਹੋਵੇਗਾ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦਿੱਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਇੱਕ ਸਤੰਬਰ ਦਿੱਲੀ ਚੱਲੋ ‘ਬਦਲਾਅ ਜ਼ਰੂਰੀ ਹੈ’ ਰੈਲੀ ਤਹਿਤ ਸਰਦੂਲਗੜ੍ਹ ਹਲਕੇ ਦੇ ਵੱਖ-ਵੱਖ ਪਿੰਡਾਂ ਨੰਗਲ ਖੁਰਦ, ਬਾਜੇਵਾਲਾ, ਰਾਏਪੁਰ, ਛਾਪਿਆਂਵਾਲੀ, ਧਿੰਗੜ ਤੇ ਚਹਿਲਾਂ ਵਾਲੀ ਵਿਖੇ ਭਰਵੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਅਪੀਲ ਕਰਦਿਆਂ ਕਿਹਾ ਕਿ ਰੁਜ਼ਗਾਰ ਗਰੰਟੀ ਕਾਨੂੰਨ ਬਣਾਉਣ, ਸਿੱਖਿਆ ਤੇ ਸਿਹਤ ਦੀ ਗਰੰਟੀ ਲਈ ਇੱਕ ਸਤੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ‘ਚ ਪੁੱਜੋ। ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ ਨੇ ਕਿਹਾ ਅਜੋਕੇ ਦੌਰ ਸਮੇਂ ਕੇਂਦਰ ਤੇ ਸੂਬਾ ਪੱਧਰੀ ਵੱਡੇ ਬਦਲਾਅ ਸਮੇਂ ਦੀ ਲੋੜ ਹੈ, ਕਿਉਂਕਿ ਕਿ ਗਰੰਟੀਆਂ ਦੇ ਕੇ ਸੱਤਾ ‘ਤੇ ਕਾਬਜ਼ ਹੋਈ ਮਾਨ ਸਰਕਾਰ ਨੇ ਲੈਂਡ ਪੁਲਿੰਗ ਪਾਲਿਸੀ ਤੇ ਜੀ ਰਾਮ ਜੀ ਨੂੰ ਮੁੱਢੋਂ ਖਾਰਜ ਕਰਨ ਦਾ ਡਰਾਮਾ ਕੀਤਾ, ਜਦੋਂਕਿ ਅਮਲ ‘ਚ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਨਾਲ ਧੋਖਾ ਕੀਤਾ ਹੈ।ਆਗੂਆਂ ਦਾਅਵਾ ਕੀਤਾ ਕਿ ਦਿੱਲੀ ਰੈਲੀ ਸੰਬੰਧੀ ਕਾਡਰ ‘ਚ ਹਰ ਪੱਖੋਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਬਲਵੰਤ ਸਿੰਘ ਫੱਕਰ ਜ਼ਿਲ੍ਹਾ ਆਗੂ ਸੀ ਪੀ ਆਈ, ਬੂਟਾ ਸਿੰਘ ਬਾਜੇ ਵਾਲਾ, ਸੁਖਵਿੰਦਰ ਸਿੰਘ, ਗਿੰਦਰ ਸਿੰਘ, ਜੱਗਾ ਸਿੰਘ, ਸੁਖਦੇਵ ਸਿੰਘ ਛਾਪਿਆਂਵਾਲੀ, ਰਾਜ ਸਿੰਘ ਧਿੰਗੜ ਤੇ ਗੁਰਤੇਜ ਸਿੰਘ ਚਹਿਲਾਂ ਵਾਲਾ ਆਦਿ ਆਗੂ ਹਾਜ਼ਰ ਸਨ