ਦਿੱਲੀ ਰੈਲੀ ਲਈ ਹੁਸੈਨੀਵਾਲਾ ਤੋਂ ਮਸ਼ਾਲ ਮਾਰਚ ਰਵਾਨਾ

0
6

ਹੁਸੈਨੀਵਾਲਾ/ਫਿਰੋਜ਼ਪੁਰ (ਨ ਜ਼ ਸ) : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇਕ ਸਤੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਖ਼ੇ ਕੀਤੀ ਜਾ ਰਹੀ ਵਿਸ਼ਾਲ ਦੇਸ਼-ਵਿਆਪੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਬੁੱਧਵਾਰ ਇਥੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ ਤੋਂ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਬੈਨਰ ਹੇਠ ਇਕ ਵਿਲੱਖਣ ਮਸ਼ਾਲ ਮਾਰਚ ਰਵਾਨਾ ਕੀਤਾ ਗਿਆ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਆਗੂ ਅਤੇ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਹੰਸ ਰਾਜ ਗੋਲਡਨ ਅਤੇ ਫਾਜ਼ਿਲਕਾ ਦੇ ਜ਼ਿਲ੍ਹਾ ਸਕੱਤਰ ਸੁਰਿੰਦਰ ਸਿੰਘ ਢੰਡੀਆਂ ਵੱਲੋਂ ਸ਼ਹੀਦਾਂ ਦੀ ਬਲਦੀ ਮਸ਼ਾਲ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸ਼ੁਬੇਗ ਝੰਗੜ ਭੈਣੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ ਅਤੇ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਅਤੇ ਸਮੁੱਚੀ ਟੀਮ ਨੂੰ ਸੌਂਪ ਕੇ ਮਸ਼ਾਲ ਮਾਰਚ ਰਵਾਨਾ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨ, ਵਿਦਿਆਰਥੀ, ਪਾਰਟੀ ਵਰਕਰ ਅਤੇ ਇਸਤਰੀ ਸਭਾ ਦੇ ਆਗੂ ਵੀ ਸ਼ਾਮਲ ਹੋਏ।
ਮਸ਼ਾਲ ਮਾਰਚ ਨੂੰ ਰਵਾਨਾ ਕਰਦਿਆਂ ਹੰਸ ਰਾਜ ਗੋਲਡਨ ਅਤੇ ਸੁਰਿੰਦਰ ਢੰਡੀਆਂ ਨੇ ਕਿਹਾ ਕਿ 1 ਸਤੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਚ ਕੀਤੀ ਜਾ ਰਹੀ ਰੈਲੀ ਵਿੱਚ ਸ਼ਾਮਲ ਹੋਣ ਲਈ ਪਾਰਟੀ ਵਰਕਰਾਂ, ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਮੁਲਾਜ਼ਮਾਂ ਦੇ ਨਾਲ-ਨਾਲ ਦੇਸ਼ ਦੀ ਜਵਾਨੀ ਵਿੱਚ ਵੀ ਭਾਰੀ ਉਤਸ਼ਾਹ ਹੈ, ਕਿਉਕਿ ਦੇਸ਼ ਦੀ ਬੇਰੁਜ਼ਗਾਰ ਜਵਾਨੀ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਲਈ ਸੀ ਪੀ ਆਈ ਨੇ ਇਕ ਵਿਸ਼ੇਸ਼ ਮਤਾ ਪਾਸ ਕਰਕੇ ਸੰਘਰਸ਼ ਨੂੰ ਤੇਜ਼ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਸੀ ਪੀ ਆਈ ਦੇ ਸੰਘਰਸ਼ ਦਾ ਨਤੀਜਾ ਸੀ ਕਿ 2005 ਵਿੱਚ ਨਰੇਗਾ (ਹੁਣ ਜੀ ਗ੍ਰਾਮ-ਜੀ) ਨੂੰ ਪਾਰਲੀਮੈਂਟ ਵਿੱਚ ਪਾਸ ਕਰਵਾ ਕੇ ਦੇਸ਼ ਦੇ ਕਰੋੜਾਂ ਮਜ਼ਦੂਰਾਂ ਨੂੰ ਰੁਜ਼ਗਾਰ ਦਿਵਾਇਆ ਹੈ ਅਤੇ ਹੁਣ ਬਨੇਗਾ ਲਈ ਸੰਘਰਸ਼ ਲਈ ਨੌਜਵਾਨਾਂ ਨੂੰ ਸਮਰਥਨ ਹੈ।
ਚਰਨਜੀਤ ਛਾਂਗਾ ਰਾਏ ਅਤੇ ਰਮਨ ਧਰਮੂਵਾਲਾ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਤੋਂ ਰਵਾਨਾ ਇਹ ਮਸ਼ਾਲ ਮਾਰਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ‘ਬਦਲਾਓ ਜ਼ਰੂਰੀ ਹੈ’ ਰੈਲੀ ਦੀਆਂ ਤਿਆਰੀਆਂ ਅਤੇ ਇਸ ਵਿੱਚ ਨੌਜਵਾਨਾਂ, ਵਿਦਿਆਰਥੀਆਂ ਦੀ ਸ਼ਮੂਲੀਅਤ ਲਈ ਲਾਮਬੰਦੀ ਕਰੇਗਾ ਅਤੇ 1 ਸਤੰਬਰ ਨੂੰ ਵਿਸ਼ਾਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਬਨੇਗਾ ਵਲੰਟੀਅਰ ਵਿਸ਼ੇਸ਼ ਵਰਦੀ ਪਹਿਨ ਕੇ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਬੈਨਰ ਨਾਲ ਸ਼ਾਮਲ ਹੋਣਗੇ। ਆਗੂਆਂ ਨੇ ਕਿਹਾ ਕਿ ਉਸ ਇਤਿਹਾਸਕ ਰੈਲੀ ਵਿੱਚ ਹੋਰਨਾਂ ਮੰਗਾਂ ਦੇ ਨਾਲ-ਨਾਲ ਨੌਜਵਾਨਾਂ ਵਿਦਿਆਰਥੀਆਂ ਦੀਆਂ ਪ੍ਰਮੁੱਖ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸੰਬੰਧੀ ਮੰਗਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ। ਆਗੂਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਇਸ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦਿਆਲ ਢਾਬਾਂ, ਕੁਲਦੀਪ ਬਖ਼ੂਸ਼ਾਹ, ਰਾਜਵਿੰਦਰ ਨਿਉਲਾ, ਸੁਮਿੱਤਰਾ ਫ਼ਾਜ਼ਿਲਕਾ, ਕਾਮਰੇਡ ਰਮੇਸ਼ (ਕਾਲਾ) ਨਵਾਂ ਮੁੰਬਾ, ਸੁਖਦੇਵ ਸੈਦੋਕੇ ਹਿਠਾੜ, ਗੁਰਮੀਤ ਕੌਰ ਢੰਡੀਆਂ ਜ਼ਿਲ੍ਹਾ ਆਗੂ ਇਸਤਰੀ ਸਭਾ ਫ਼ਾਜ਼ਿਲਕਾ, ਹਰਜੀਤ ਢੰਡੀਆਂ ਜਲਾਲਾਬਾਦ, ਕਾਮਰੇਡ ਰਮੇਸ਼ ਪੀਰ ਮੁਹੰਮਦ, ਰਾਜ ਕੁਮਾਰ ਬਹਾਦਰ ਕੇ ਅਤੇ ਜਸਬੀਰ ਲਾਧੂਕਾ ਸਮੇਤ ਹੋਰ ਵਰਕਰ ਹਾਜ਼ਰ ਸਨ।