ਨੇਪਾਲ ਦੇ ਹੜ੍ਹਾਂ ‘ਚ 105 ਭਾਰਤੀ ਲਾਪਤਾ

0
6

ਕਠਮੰਡੂ (ਨ ਜ਼ ਸ) : ਨੇਪਾਲ ‘ਚ ਬੁੱਧਵਾਰ ਸਵੇਰੇ ਰਸੁਵਾ ਜ਼ਿਲ੍ਹੇ ਵਿੱਚ ਭੋਟੇਕੋਸ਼ੀ ਨਦੀ ਵਿੱਚ ਅਚਾਨਕ ਹੜ੍ਹ ਆਉਣ ਤੋਂ ਬਾਅਦ 384 ਯਾਤਰੀ ਲਾਪਤਾ ਹੋ ਗਏ, ਜਿਨ੍ਹਾਂ ਵਿੱਚ 105 ਭਾਰਤੀ ਤੇ 37 ਐੱਨ ਆਰ ਆਈ ਹਨ। ਮੁੱਢਲੀ ਸੂਚੀ ਵਿੱਚ 291 ਵਿਦੇਸ਼ੀ ਅਤੇ 93 ਨੇਪਾਲੀ ਨਾਗਰਿਕ ਲਾਪਤਾ ਦੱਸੇ ਗਏ ਹਨ। ਵਿਦੇਸ਼ੀਆਂ ਵਿੱਚ ਆਸਟ੍ਰੇਲੀਆ, ਨੀਦਰਲੈਂਡ, ਅਮਰੀਕਾ, ਮਲੇਸ਼ੀਆ, ਯੂ ਕੇ ਅਤੇ ਦੱਖਣੀ ਅਫਰੀਕਾ ਦੇ ਨਾਗਰਿਕ ਵੀ ਹਨ। ਕਈ ਹੋਰ ਵਿਦੇਸ਼ੀ ਯਾਤਰੀਆਂ ਦੀ ਕੌਮੀਅਤ ਦੀ ਪੁਸ਼ਟੀ ਹੋਣੀ ਬਾਕੀ ਹੈ। ਭੋਟੇਕੋਸ਼ੀ ਨਦੀ ਦੇ ਤੇਜ਼ ਵਹਾਅ ਨੇ ਕਈ ਪਿੰਡਾਂ, ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ, ਸੜਕਾਂ, ਪੁਲਾਂ ਤੇ ਹਾਈਡਰੋ ਪਾਵਰ ਪ੍ਰੋਜੈਕਟਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬਹੁਤ ਸਾਰੀਆਂ ਗੱਡੀਆਂ ਅਤੇ ਬੁਨਿਆਦੀ ਢਾਂਚਾ ਰੁੜ੍ਹ ਗਿਆ। ਰਿਪੋਰਟਾਂ ਮੁਤਾਬਕ ਇਸ ‘ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਏਨਾ ਅਚਾਨਕ ਆਇਆ ਕਿ ਜਿਵੇਂ ਕੋਈ ਜਵਾਲਾਮੁਖੀ ਫਟ ਗਿਆ ਹੋਵੇ, ਜਿਸ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਉੱਚੀਆਂ ਥਾਵਾਂ ਵੱਲ ਭੱਜਣ ਲੱਗੇ। ਤਬਾਹੀ ਦਾ ਸਭ ਤੋਂ ਵੱਡਾ ਅਸਰ ਨੇਪਾਲ ਦੇ ਊਰਜਾ ਖੇਤਰ ‘ਤੇ ਪਿਆ ਹੈ। ਊਰਜਾ ਮੰਤਰਾਲੇ ਅਨੁਸਾਰ ਹਾਈਡਰੋ ਪ੍ਰੋਜੈਕਟਾਂ ਦੇ ਨੁਕਸਾਨੇ ਜਾਣ ਕਾਰਨ 430 ਮੈਗਾਵਾਟ ਬਿਜਲੀ ਸਪਲਾਈ ਪ੍ਰਭਾਵਤ ਹੋਈ ਹੈ, ਜੋ ਕਿ ਨੇਪਾਲ ਦੀ ਕੁੱਲ ਹਾਈਡਰੋ ਪਾਵਰ ਸਮਰੱਥਾ ਦਾ 12 ਫੀਸਦੀ ਤੋਂ ਵੱਧ ਹੈ। ਦੂਜੇ ਪਾਸੇ ਚੀਨ ਵਾਲੇ ਪਾਸੇ ਤਿੱਬਤ ਦੇ ਗਾਇਰੋਂਗ ਕਾਊਂਟੀ ਵਿੱਚ ਵੀ ਜ਼ਮੀਨ ਖਿਸਕਣ ਕਾਰਨ ਭਾਰੀ ਨੁਕਸਾਨ ਦੀ ਖ਼ਬਰ ਹੈ।