ਲੁਧਿਆਣਾ (ਐੱਮ ਐੱਸ ਭਾਟੀਆ,
ਰੈਕਟਰ ਕਥੂਰੀਆ, ਪ੍ਰਦੀਪ ਸ਼ਰਮਾ)
ਕੌਮੀ ਪੱਧਰ ‘ਤੇ ਖੱਬੀਆਂ ਪਾਰਟੀਆਂ ਵੱਲੋਂ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁੱਧ ਪ੍ਰਦਰਸ਼ਨ ਦੇ ਸੱਦੇ ਦੇ ਹਿੱਸੇ ਵਜੋਂ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਐੱਮ ਐੱਲ) ਲਿਬਰੇਸ਼ਨ ਲੁਧਿਆਣਾ ਵੱਲੋਂ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ | ਜਗਰਾਓਾ ਪੁਲ ‘ਤੇ ਸ਼ਹੀਦਾਂ ਦੇ ਬੁੱਤ ਦੇ ਥੱਲੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਪਾਰਟੀਆਂ ਵੱਲੋਂ ਸਾਂਝੇ ਤੌਰ ‘ਤੇ ਇੱਕ ਰੈਲੀ ਕੀਤੀ ਗਈ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅਤੇ ਵੱਖ-ਵੱਖ ਵਰਗਾਂ ਤੋਂ ਲੋਕਾਂ ਨੇ ਹਿੱਸਾ ਲਿਆ | ਰੈਲੀ ਵਿੱਚ ਮੰਗ ਕੀਤੀ ਗਈ ਕਿ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਲਗਾਤਾਰ ਦਿੱਤਾ ਜਾਵੇ, ਜਿਹੜੇ ਲੋਕਾਂ ਦੀ ਇਨਕਮ ਟੈਕਸ ਦੇਣ ਯੋਗ ਆਮਦਨ ਨਹੀਂ ਹੈ, ਉਨ੍ਹਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਸਰਕਾਰ ਦੇਵੇ | ਸ਼ਹਿਰੀ ਰੁਜ਼ਗਾਰ ਦੀ ਯੋਜਨਾ ਬਣਾਈ ਜਾਵੇ | ਮਨਰੇਗਾ ਨੂੰ ਦਿੱਤਾ ਜਾਣ ਵਾਲਾ ਪੈਸਾ ਵਧਾਇਆ ਜਾਏ ਅਤੇ ਮਨਰੇਗਾ ਕਾਮਿਆਂ ਦੀ ਦਿਹਾੜੀ ਵਿੱਚ ਵਾਧਾ ਕੀਤਾ ਜਾਵੇ | ਛੋਟੇ ਉਦਮੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ | ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਜਿਸ ਕਰਕੇ ਆਮ ਆਦਮੀ ਦਾ ਜਿਉਣਾ ਦੁੱਭਰ ਹੋ ਗਿਆ ਹੈ | ਸਿਰਫ਼ ਏਨਾ ਹੀ ਨਹੀਂ ਸਨਅਤੀ ਅਦਾਰਿਆਂ ਵਿਚ ਕੰਮ ਆਉਣ ਵਾਲੇ ਕੱਚੇ ਮਾਲ, ਜਿਵੇਂ ਲੋਹਾ, ਧਾਗਾ, ਕੱਪੜੇ ਆਦਿ ਦੀਆ ਕੀਮਤਾਂ ਬੇਕਾਬੂ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬੜੇ ਸ਼ਾਤਰਾਨਾ ਢੰਗ ਨਾਲ ਪੰਜ ਰਾਜਾਂ ਦੀਆਂ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਪੈਟਰੋਲ, ਡੀਜ਼ਲ ਦੀ ਕੀਮਤ ਦਸ ਰੁਪਏ ਘਟਾਈ ਸੀ, ਪਰ ਸਿਰਫ ਤਿੰਨ ਹਫਤੇ ਬੀਤਣ ਤੋਂ ਬਾਅਦ ਹੀ ਉਹ ਦਸ ਰੁਪਏ ਵਧਾ ਦਿੱਤੀ ਗਈ ਹੈ | ਲੋਕਾਂ ਦੀਆ ਇਨ੍ਹਾਂ ਦੁੱਖ-ਤਕਲੀਫ਼ਾਂ ਦਾ ਮੋਦੀ ਸਰਕਾਰ ‘ਤੇ ਕੋਈ ਅਸਰ ਨਹੀਂ, ਕਿਉਂਕਿ ਵੋਟਾਂ ਤਾਂ ਉਹ ਫਿਰਕੂ ਲੀਹਾਂ ‘ਤੇ ਲੋਕਾਂ ਨੂੰ ਵੰਡ ਕੇ ਲੈ ਲੈਂਦੇ ਹਨ | ਲੋਕਾਂ ਦੇ ਮੁੱਦਿਆਂ ਨੂੰ ਚੁੱਕਣ ਵਾਲਿਆਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ | ਬੇਰੁਜ਼ਗਾਰੀ ਪਿਛਲੇ 45 ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ | ਭੁੱਖਮਰੀ ਦੇ ਮਾਮਲੇ ਵਿੱਚ ਸਾਡਾ ਦੇਸ਼ ਦੁਨੀਆ ਦੇ 117 ਦੇਸ਼ਾਂ ਵਿਚੋਂ 102 ਨੰਬਰ ‘ਤੇ ਆ ਗਿਆ ਹੈ | ਸਿੱਖਿਆ ਅਤੇ ਸਿਹਤ ਸੇਵਾਵਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਚਲੀਆਂ ਗਈਆਂ ਹਨ | ਵੱਡੇ-ਵੱਡੇ ਘਰਾਣਿਆਂ ਦੇ ਬੈਂਕਾਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ ਅਤੇ ਆਮ ਲੋਕਾਂ ਦੀ ਬੈਂਕਾਂ ਵਿਚ ਜਮ੍ਹਾਂ ਪੂੰਜੀ ਨੂੰ ਲੁਟਾਇਆ ਜਾ ਰਿਹਾ ਹੈ | ਰਿਜ਼ਰਵ ਬੈਂਕ ਦੀ ਇੱਕ ਰਿਪੋਰਟ ਮੁਤਾਬਕ ਪਿਛਲੇ ਸੱਤ ਸਾਲ ਵਿੱਚ ਬੈਂਕਾਂ ਵਿੱਚ ਹਰ ਰੋਜ਼ ਸੌ ਕਰੋੜ ਦਾ ਫਰਾਡ ਹੋ ਰਿਹਾ ਹੈ | ਗੁਆਂਢੀ ਮੁਲਕ ਸ੍ਰੀਲੰਕਾ ਦੇ ਹਾਲਾਤ ਤੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਵੀਹ ਸਾਲ ਪਹਿਲਾਂ ਲੋਕਾਂ ਨੇ ਭਾਰੀ ਬਹੁਮਤ ਨਾਲ ਇਸ ਰਾਸ਼ਟਰਪਤੀ ਨੂੰ ਸੱਤਾ ਵਿੱਚ ਲਿਆਂਦਾ ਸੀ ਅਤੇ ਹੁਣ ਉਹੀ ਲੋਕ ਦੇਸ਼ ਵਿੱਚ ਵਧ ਰਹੀ ਮਹਿੰਗਾਈ ਅਤੇ ਬੇਕਾਰੀ ਕਰਕੇ ਉਸ ਨੂੰ ਸੱਤਾ ਤੋਂ ਹਟਾਉਣ ਲਈ ਅੰਦੋਲਨ ਕਰ ਰਹੇ ਹਨ |
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡੀ ਪੀ ਮੌੜ ਜ਼ਿਲ੍ਹਾ ਸਕੱਤਰ ਸੀ ਪੀ ਆਈ, ਡਾ. ਅਰੁਣ ਮਿੱਤਰਾ, ਚਮਕੌਰ ਸਿੰਘ, ਐੱਮ ਐੱਸ ਭਾਟੀਆ, ਗੁਲਜ਼ਾਰ ਪੰਧੇਰ, ਕੇਵਲ ਸਿੰਘ ਬਨਵੈਤ, ਸਫੀਕ, ਰਫੀਕ ਅਤੇ ਡਾ. ਵਿਨੋਦ ਸ਼ਾਮਲ ਸਨ |