ਨੌਜਵਾਨ ਪੀੜ੍ਹੀ ਸਾਵਰਕਰ ਦੀ ਬਜਾਏ ਭਗਤ ਸਿੰਘ ਵੱਲ ਮੁੜੇਗੀ : ਮਹੇਸਰੀ

0
5

ਯਾਦਗਿਰੀਗੁੱਟਾ (ਨਵਾਂ ਜ਼ਮਾਨਾ ਸਰਵਿਸ)
ਸਰਵ ਭਾਰਤ ਨੌਜਵਾਨ ਸਭਾ ਤੇਲੰਗਾਨਾ ਦੀ ਤਿੰਨ ਰੋਜ਼ਾ ਸੂਬਾਈ ਕਾਨਫਰੰਸ ਇੱਥੇ ਸਫਲਤਾਪੂਰਵਕ ਸੰਪੰਨ ਹੋ ਗਈ। ਨਵੀਂ ਚੁਣੀ ਗਈ ਰਾਜ ਕਮੇਟੀ ਨੇ ਸੂਬਾ ਪ੍ਰਧਾਨ ਵਜੋਂ ਸ੍ਰੀਮਨ ਮੈਰੀ ਅਤੇ ਸ਼੍ਰੀਕਾਂਤ ਨੇਰਲਕਾਂਤੀ ਨੂੰ ਸੂਬਾ ਸਕੱਤਰ ਚੁਣਿਆ ਹੈ।ਇਸ ਮੌਕੇ ਨਵੀਂ ਚੁਣੀ ਕਮੇਟੀ ਅਤੇ ਡੈਲੀਗੇਟਾਂ ਨੂੰ ਵਧਾਈ ਦਿੰਦਿਆਂ ਜੱਥੇਬੰਦੀ ਦੇ ਜਨਰਲ ਸਕੱਤਰ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ “ਤੇਲੰਗਾਨਾ ਸੂਬੇ ਅੰਦਰ ਨਵੀਂ ਕਮੇਟੀ ਜੱਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਯੋਜਨਾਬੱਧ ਗਤੀਵਿਧੀਆਂ ਉਲੀਕੇ।ਸੂਬੇ ਅੰਦਰ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੀ ਵੱਡੀ ਘਾਟ ਉਹਨਾਂ ਨੂੰ ਨਸ਼ਿਆਂ ਅਤੇ ਪਰਵਾਸ ਲਈ ਮਜਬੂਰ ਕਰ ਰਹੀ ਹੈ।ਨੌਜਵਾਨ ਲੱਖਾਂ ਰੁਪਏ ਖਰਚ ਕਰਕੇ ਸਾਊਦੀ ਅਰਬ, ਦੁਬਈ, ਅਸਟ੍ਰੇਲੀਆ ਤੇ ਹੋਰ ਮੁਲਕਾਂ ਵਿੱਚ ਜਾਣ ਲਈ ਮਜਬੂਰ ਹਨ।ਇੱਥੋਂ ਤੱਕ ਕਿ ਟਰੈਵਲ ਏਜੰਟਾਂ ਹੱਥੋਂ ਕਰੋੜਾਂ ਰੁਪਏ ਦੀਆਂ ਠੱਗੀਆਂ ਦਾ ਸ਼ਿਕਾਰ ਹੋਣ ਵਾਲੇ ਭਾਰਤੀ ਨੌਜਵਾਨਾਂ ਵਿੱਚ ਚੌਥਾ ਨੰਬਰ ਤੇਲੰਗਾਨਾ ਦਾ ਹੈ।ਇਹ ਤਰਸਯੋਗ ਮਾਹੌਲ ਹੈ, ਜਿਸ ਨੂੰ ਬੇਕਿਰਕੀ ਨਾਲ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।ਤੇਲੰਗਾਨਾ ਸਮੇਤ ਪੂਰੇ ਦੇਸ਼ ਵਿੱਚ ਬੇਰੁਜ਼ਗਾਰੀ ਦੀ ਅਜਿਹੀ ਚਿੰਤਾਜਨਕ ਸਥਿਤੀ ਦਾ ਹੱਲ ਕਰਨ ਲਈ ਭਾਜਪਾ ਦੀ ਕੇਂਦਰੀ ਸਰਕਾਰ ਕਦਮ ਨਹੀਂ ਚੁੱਕ ਰਹੀ, ਸਗੋਂ ਇਸ ਦਾ ਹੱਲ ਕਰਨ ਦੀ ਬਜਾਏ, ਨੌਜਵਾਨ ਪੀੜ੍ਹੀ ਨੂੰ ਹੀ ਆਪਸੀ ਕੱਟੜਤਾ, ਨਫ਼ਰਤ ਅਤੇ ਕਤਲੋਗਾਰਤ ਵੱਲ ਧੱਕ ਰਹੀ ਹੈ। ਇਹ ਇਸ ਲਈ ਹੈ ਕਿ ਉਸ ਦੇ ਆਦਰਸ਼ ਸਾਵਰਕਰ ਤੇ ਗੌਡਸੇ ਹੀ ਭਾਈਚਾਰਿਆਂ ਵਿੱਚ ਫੁੱਟ ਪਾਉਣ ਵਾਲੇ ਹਨ, ਪਰ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਭਾਈਚਾਰਕ ਅਤੇ ਆਰਥਿਕ ਤੌਰ ਉੱਤੇ ਖੁਸ਼ਹਾਲ ਭਵਿੱਖ ਲਈ ਦੱਸੀਏ ਕਿ ਸਾਡੀਆਂ ਵਰਤਮਾਨ ਮੁਸ਼ਕਲਾਂ ਦਾ ਹੱਲ ਸਾਵਰਕਰ ਨਹੀਂ, ਭਗਤ ਸਿੰਘ ਦੀ ਵਿਚਾਰਧਾਰਾ ਹੈ।ਇਹ ਯਕੀਨੀ ਹੈ ਕਿ ਨੌਜਵਾਨ ਪੀੜ੍ਹੀ ਸਾਵਰਕਰ ਦੀ ਬਜਾਏ, ਭਗਤ ਸਿੰਘ ਵੱਲ ਮੁੜੇਗੀ।”ਉਹਨਾਂ ਕਿਹਾ ਕਿ “ਸਾਵਰਕਰ ਨੇ ਜਿੱਥੇ ਲੁਟੇਰੇ ਬ੍ਰਿਟਿਸ਼ ਸਾਮਰਾਜ ਅੱਗੇ ਮਾਫ਼ੀਨਾਮੇ ਲਿਖ ਕੇ ਉਹਨਾਂ ਦੇ ਵਫ਼ਾਦਾਰ ਰਹਿਣ ਲਈ ਗੋਡੇ ਟੇਕੇ, ਉਥੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਬ੍ਰਿਟਿਸ਼ ਸ਼ਾਸਨ ਕੋਲੋਂ ਆਪਣੇ ਅਸੂਲਾਂ ਲਈ ਫਾਂਸੀ ਦੀ ਬਜਾਏ ਗੋਲੀ ਨਾਲ ਉਡਾਏ ਜਾਣ ਦੀ ਮੰਗ ਕੀਤੀ।ਸਾਵਰਕਰ ਦੀ ਵਿਚਾਰਧਾਰਾ ਇਸ ਦੇਸ਼ ਵਿੱਚ ਬੇਰੁਜ਼ਗਾਰੀ, ਨਫ਼ਰਤ, ਅਨਪੜ੍ਹਤਾ, ਅਧਵਿਸ਼ਵਾਸਾਂ ਅਤੇ ਕਾਰਪੋਰੇਟ ਲੁੱਟ ਦੀ ਨੁਮਾਇੰਦਗੀ ਕਰਦੀ ਹੈ, ਜਦਕਿ ਭਗਤ ਸਿੰਘ ਦੀ ਵਿਚਾਰਧਾਰਾ ਸਭਨਾਂ ਲਈ ਰੁਜ਼ਗਾਰ, ਭਾਈਚਾਰਾ, ਵਿੱਦਿਆ, ਵਿਗਿਆਨ ਅਤੇ ਕਿਰਤੀ ਵਰਗ ਦੇ ਸਮਾਜਵਾਦੀ ਸ਼ਾਸਨ ਦੀ ਨੁਮਾਇੰਦਗੀ ਕਰਦੀ ਹੈ।ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਵਾਂਢੀ ਸੂਬੇ ਆਂਧਰਾ ਪ੍ਰਦੇਸ਼ ਸੂਬੇ ਦੇ ਪ੍ਰਧਾਨ ਸੰਤੋਸ਼ ਅਤੇ ਸਕੱਤਰ ਯੁਗੇਂਧਰ ਨੇ ਕਿਹਾ ਕਿ ਦੋਨਾਂ ਸੂਬਿਆਂ ਵਿੱਚ ਨੌਜਵਾਨ ਗਾਂਜੇ ਤੇ ਕੋਕੀਨ ਦੇ ਸ਼ਿਕਾਰ ਹੋ ਰਹੇ ਹਨ। ਸਾਡੀ ਜੱਥੇਬੰਦੀ ਇਸ ਦੇ ਲਈ ਲਗਾਤਾਰ ਮੁਹਿੰਮਾਂ ਚਲਾ ਰਹੀ ਹੈ, ਪਰ ਸਮੱਗਲਰ ਤੇ ਸਰਕਾਰ ਇਸ ਪੀੜ੍ਹੀ ਨੂੰ ਕਤਲ ਕਰ ਰਹੇ ਹਨ।ਸਮਾਜਿਕ ਤਰੱਕੀ ਲਈ ਨੌਜਵਾਨਾਂ ਨੂੰ ਨਸ਼ਿਆਂ ਦੀ ਨਹੀਂ, ਰੁਜ਼ਗਾਰ ਦੀ ਲੋੜ ਹੈ।ਇਹ ਪੀੜ੍ਹੀ ਜੋ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਉੱਚ ਡਿਗਰੀਆਂ ਲੈ ਕੇ ਵਿੱਦਿਅਕ ਅਦਾਰਿਆਂ ਵਿੱਚੋਂ ਬਾਹਰ ਨਿਕਲ ਰਹੀ ਹੈ, ਇਸ ਨੂੰ ਸੰਭਾਲਣਾ ਸਰਕਾਰ ਦਾ ਮੁੱਢਲਾ ਕੰਮ ਹੈ। ਕਾਨਫਰੰਸ ਦੇ ਅੰਤਿਮ ਪੜਾਅ ਉੱਤੇ ਆਪਣੇ ਵਿਦਾਇਗੀ ਭਾਸ਼ਣ ਵਿੱਚ ਸੂਬਾ ਪ੍ਰਧਾਨ ਵਜੋਂ ਮੁਕਤ ਹੋਏ ਸਈਅਦ ਵਲੀ ਉੱਲਾ ਖਾਦਰੀ ਅਤੇ ਸਕੱਤਰ ਧਰਮੇਂਦਰਾ ਨੇ ਕਿਹਾ ਕਿ ਉਹ ਲਹਿਰ ਵਿੱਚ ਨਵੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਹਮੇਸ਼ਾ ਜੱਥੇਬੰਦੀ ਦੀ ਮਜ਼ਬੂਤੀ ਲਈ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ।