ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਕੀਰਤਪੁਰ-ਮਨਾਲੀ ਫੋਰ ਲੇਨ ਮਾਰਗ ‘ਤੇ ਮੰਡੀ ਅਤੇ ਕੁੱਲੂ ਵਿਚਕਾਰ ਪੈਂਦੇ ਪੰਡੋਹ-ਟਕੋਲੀ ਸੈਕਸ਼ਨ ਵਿੱਚ ਬਣੀਆਂ ਦੋ ਨਵੀਆਂ ਸੁਰੰਗਾਂ ਡਿਓਢ ਅਤੇ ਹਣੋਗੀ ਸ਼ੁੱਕਰਵਾਰ ਤੋਂ ਆਮ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤੀਆਂ ਗਈਆਂ। ਇਸ ਨਾਲ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਕੇਂਦਰ ਮਨਾਲੀ ਜਾਣਾ ਸੌਖਾ ਹੋ ਗਿਆ ਹੈ।
ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਹਿਮਾਚਲ ਪ੍ਰਦੇਸ਼ ਵਿੱਚ ਕੌਮੀ ਰਾਜਮਾਰਗ-03 ਦੀ ਕੁਨੈਕਟੀਵਿਟੀ ਵਿੱਚ ਵੱਡਾ ਸੁਧਾਰ ਆਇਆ ਹੈ। ਇਸ ਦੇ ਸ਼ੁਰੂ ਹੋਣ ਨਾਲ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਦੇਸ਼ ਭਰ ਤੋਂ ਮਨਾਲੀ ਆਉਣ ਵਾਲੇ ਲੱਖਾਂ ਸੈਲਾਨੀਆਂ ਨੂੰ ਟ੍ਰੈਫਿਕ ਜਾਮ ਅਤੇ ਪਹਾੜ ਖਿਸਕਣ ਦੀ ਗੰਭੀਰ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਦੋਵਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਮੰਡੀ ਤੋਂ ਕੁੱਲੂ ਵਿਚਕਾਰ ਯਾਤਰਾ ਦਾ ਸਮਾਂ, ਜੋ ਪਹਿਲਾਂ 2 ਘੰਟੇ ਹੁੰਦਾ ਸੀ, ਹੁਣ ਘਟ ਕੇ ਮਹਿਜ਼ 1 ਘੰਟਾ ਰਹਿ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਇਨ੍ਹਾਂ ਸੁਰੰਗਾਂ ਨੂੰ ਸਰਦੀਆਂ ਦੇ ਟੂਰਿਸਟ ਸੀਜ਼ਨ ਅਤੇ ਕੁੱਲੂ ਦਸਹਿਰੇ ਤੋਂ ਐਨ ਪਹਿਲਾਂ ਖੋਲ੍ਹ ਦਿੱਤਾ ਹੈ। 2.8 ਕਿੱਲੋਮੀਟਰ ਲੰਬੀ ਡਿਓਢ ਸੁਰੰਗ ਅਤੇ 650 ਮੀਟਰ ਲੰਬੀ ਹਣੋਗੀ ਸੁਰੰਗ ਆਪਸ ਵਿੱਚ ਖੋਟੀ ਨਾਲਾ ਕੋਲ ਬਣੇ 140 ਮੀਟਰ ਲੰਬੇ ਅਤੇ 45 ਮੀਟਰ ਉੱਚੇ ਪੁਲ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਸੁਰੰਗਾਂ ਦੇ ਚਾਲੂ ਹੋਣ ਨਾਲ ਪਹਿਲਾਂ ਵਾਲਾ 6 ਕਿੱਲੋਮੀਟਰ ਦਾ ਪ੍ਰਭਾਵਤ ਰਸਤਾ ਹੁਣ ਸਿਰਫ 3.5 ਕਿੱਲੋਮੀਟਰ ਦਾ ਰਹਿ ਜਾਵੇਗਾ। ਇਸ ਨਾਲ ਜੋਗਨੀ ਮਾਤਾ ਮੰਦਰ, ਡਿਓਢ ਅਤੇ ਹਣੋਗੀ ਦੇ ਨਜ਼ਦੀਕ ਲੱਗਣ ਵਾਲੇ ਘੰਟਿਆਂਬੱਧੀ ਲੰਬੇ ਟ੍ਰੈਫਿਕ ਜਾਮਾਂ ਤੋਂ ਯਾਤਰੀਆਂ ਨੂੰ ਪੂਰੀ ਤਰ੍ਹਾਂ ਨਿਜਾਤ ਮਿਲ ਜਾਵੇਗੀ।
ਇਨ੍ਹਾਂ ਨਵੀਆਂ ਸੁਰੰਗਾਂ ਦੀ ਵਰਤੋਂ ਨਾਲ ਵਾਹਨ ਹੁਣ ਲਗਪਗ 5.5 ਕਿੱਲੋਮੀਟਰ ਲੰਬੇ ਅਜਿਹੇ ਇਲਾਕੇ ਨੂੰ ਬਾਈਪਾਸ ਕਰ ਕੇ ਲੰਘ ਸਕਣਗੇ, ਜਿੱਥੇ ਬਾਰਿਸ਼ ਦੇ ਦਿਨਾਂ ਵਿੱਚ ਅਕਸਰ ਪਹਾੜੀ ਤੋਂ ਪੱਥਰ ਅਤੇ ਮਲਬਾ ਡਿੱਗਣ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਸੀ।
ਤੰਗ ਅਤੇ ਘੁਮਾਓਦਾਰ ਰਸਤੇ ਤੋਂ ਛੁਟਕਾਰਾ ਮਿਲਣ ਨਾਲ ਮੁੱਖ ਮਾਰਗ ‘ਤੇ ਵਾਹਨਾਂ ਦਾ ਦਬਾਅ ਵੀ ਘਟੇਗਾ। ਇਹ ਸੁਧਾਰ ਨਾ ਕੇਵਲ ਮਨਾਲੀ ਜਾਣ ਵਾਲਿਆਂ ਲਈ, ਬਲਕਿ ਅਟਲ ਟਨਲ, ਰੋਹਤਾਂਗ ਦੱਰਾ, ਮਨੀਕਰਣ, ਸ਼ਿੰਕੁਲਾ ਦੱਰਾ, ਕੇਲੌਂਗ ਅਤੇ ਲੇਹ-ਲੱਦਾਖ ਵਰਗੇ ਦੂਰ-ਦੁਰਾਡੇ ਦੇ ਸੈਰ-ਸਪਾਟਾ ਖੇਤਰਾਂ ਵੱਲ ਜਾਣ ਵਾਲੇ ਯਾਤਰੀਆਂ ਅਤੇ ਮਾਲਵਾਹਕ ਵਾਹਨਾਂ ਲਈ ਵੀ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ। ਇਨ੍ਹਾਂ ਸੁਰੰਗਾਂ ਦੇ ਅੰਦਰ ਸੀ ਸੀ ਟੀ ਵੀ ਕੈਮਰੇ, ਵੈਂਟੀਲੇਸ਼ਨ ਅਤੇ ਐਮਰਜੈਂਸੀ ਐਗਜ਼ਿਟ ਵਰਗੇ ਆਧੁਨਿਕ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਏ ਗਏ ਹਨ।




