ਬਠਿੰਡਾ : ਨਗਰ ਨਿਗਮ ਬਠਿੰਡਾ ਦੇ ਸਫ਼ਾਈ ਅਤੇ ਸੀਵਰੇਜ ਕਾਮਿਆਂ ਨੇ ਸੇਵਾਵਾਂ ਪੱਕੀਆਂ ਕਰਨ ਅਤੇ ਆਊਟਸੋਰਸ ‘ਤੇ ਰੱਖੇ ਮੁਲਾਜ਼ਮਾਂ ਨੂੰ ਸਿੱਧੇ ਤੌਰ ‘ਤੇ ਨਿਗਮ ਅਧੀਨ ਲਿਆਉਣ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਰੋਸ ਮੁਜ਼ਾਹਰਾ ਕਰ ਰਹੇ ਕਾਮਿਆਂ ਨੇ ਆਖਿਆ ਕਿ ਹਾਲ ਹੀ ਵਿੱਚ ਨਿਗਮ ਅਧਿਕਾਰੀਆਂ ਵੱਲੋਂ ਵਾਰ-ਵਾਰ ਭਰੋਸੇ ਦਿੱਤੇ ਜਾਣ ਦੇ ਬਾਵਜੂਦ ਕੋਈ ਠੋਸ ਨਿਰਣਾ ਨਹੀਂ ਲਿਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੀ ਮੰਗ ਹੈ ਕਿ ਨਗਰ ਨਿਗਮ ਦੀ ਆਗਾਮੀ ਹਾਊਸ ਮੀਟਿੰਗ ਵਿੱਚ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਇੱਕ ਸਰਕਾਰੀ ਮਤਾ ਪਾਸ ਕੀਤਾ ਜਾਵੇ। ਨਗਰ ਨਿਗਮ ਬਠਿੰਡਾ ਦੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਨਿਗਰਾਨ ਅਸ਼ੋਕ ਕੁਮਾਰ ਬਿੱਟੂ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਦਿੱਤੇ ਗਏ ਅਧਿਕਾਰੀਆਂ ਦੇ ਭਰੋਸੇ ਝੂਠੇ ਸਾਬਤ ਹੋਏ ਹਨ। ਉਨ੍ਹਾ ਦੱਸਿਆ ਕਿ ਇਸ ਮਸਲੇ ਨਾਲ ਲਗਭਗ 597 ਮੁਲਾਜ਼ਮਾਂ ਦਾ ਭਵਿੱਖ ਜੁੜਿਆ ਹੋਇਆ ਹੈ। ਬਿੱਟੂ ਨੇ ਆਖਿਆ, ‘ਸਾਡੀ ਸਿਰਫ਼ ਇਹੋ ਮੰਗ ਹੈ ਕਿ ਨਿਗਮ ਹਾਊਸ ਦੀ ਮੀਟਿੰਗ ਵਿੱਚ ਮਤਾ ਪਾਸ ਕੀਤਾ ਜਾਵੇ।’





