ਬੰਗਾ : ਲਾਟਰੀ ਦੇ ਨਤੀਜੇ ਤੋਂ ਇੱਕ ਘੰਟਾ ਪਹਿਲਾਂ ਖ਼ਰੀਦੀ ਟਿਕਟ ‘ਤੇ ਪਰਵਾਸੀ ਮਜ਼ਦੂਰ ਮਧੂ ਦਾ ਤਿੰਨ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਉਸ ਨੇ ਸਿੱਕਮ ਸਟੇਟ ਸਰਕਾਰ ਦੇ ਗਣੇਸ਼ ਚਤੁਰਥੀ ਬੰਪਰ ਦੀ ਇਹ ਲਾਟਰੀ ਇੱਥੋਂ ਦੇ ਸਹੋਤਾ ਲਾਟਰੀ ਸਟਾਲ ਤੋਂ ਖ਼ਰੀਦੀ ਸੀ। ਜਿਉਂ ਹੀ ਉਸ ਨੂੰ ਇਹ ਸੂਚਨਾ ਮਿਲੀ ਤਾਂ ਪਹਿਲਾਂ ਤਾਂ ਕਿੰਨਾ ਸਮਾਂ ਉਸ ਨੂੰ ਯਕੀਨ ਨਹੀਂ ਆਇਆ ਅਤੇ ਫਿਰ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਪੱਛਮੀ ਬੰਗਾਲ ਤੋਂ ਆ ਕੇ ਖਟਕੜ ਕਲਾਂ ਵਿਖੇ ਖੇਤਾਂ ਵਿੱਚ ਮਜ਼ਦੂਰੀ ਕਰਦਾ ਆ ਰਿਹਾ ਹੈ। ਸਹੋਤਾ ਲਾਟਰੀ ਸਟਾਲ ਦੇ ਮਾਲਕ ਸਾਗਰ ਨੇ ਦੱਸਿਆ ਕਿ ਹੁਣ ਤੱਕ ਦੇ ਇਤਿਹਾਸ ਵਿੱਚ ਇੰਨੀ ਵੱਡੀ ਰਕਮ ਵਾਲਾ ਇਹ ਪਹਿਲਾ ਇਨਾਮ ਨਿਕਲਿਆ ਹੈ। ਉਸ ਅਨੁਸਾਰ ਇਸ ਬੰਪਰ ਦੀਆਂ ਕੁੱਲ 50 ਟਿਕਟਾਂ ਲਿਆਂਦੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 13 ਟਿਕਟਾਂ ਹੀ ਵਿਕੀਆਂ ਸਨ ਅਤੇ ਉਨ੍ਹਾਂ ਵਿੱਚੋਂ ਟਿਕਟ ਨੰਬਰ 1-801021 ਨਾਲ ਖ਼ਰੀਦਦਾਰ ਮਧੂ ਦੀ ਕਿਸਮਤ ਚਮਕ ਗਈ।
ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ ਦੇਹਾਂਤ
ਨਵੀਂ ਦਿੱਲੀ : ਸੀ ਐੱਨ ਐੱਨ-ਨਿਊਜ਼ 18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ ਐਤਵਾਰ ਤੜਕੇ ਮੁੰਬਈ ਵਿੱਚ ਦੇਹਾਂਤ ਹੋ ਗਿਆ। 46 ਸਾਲਾ ਪਾਇਲ ਮਹਿਤਾ ਮੁੰਬਈ ਦੇ ਦੌਰੇ ‘ਤੇ ਸਨ, ਜਿੱਥੇ ਤੜਕੇ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰੀ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਅੰਤਿਮ ਸਾਹ ਲਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਆਗੂ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ, ਲੋਕ ਸਭਾ ਸਪੀਕਰ ਓਮ ਬਿਰਲਾ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪਾਇਲ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।




