47 ਕਿਲੋ ਹੈਰੋਇਨ ਤੇ ਅਸਲੇ ਸਮੇਤ 4 ਗ੍ਰਿਫਤਾਰ

0
9

ਫਰੀਦਕੋਟ (ਗੁਰਪ੍ਰੀਤ ਸਿੰਘ ਬੇਦੀ, ਅਲਿਗਜੈਂਡਰ ਡਿਸੂਜਾ)
ਫਰੀਦਕੋਟ ਪੁਲਸ ਨੇ ਸਰਹੱਦ ਪਾਰਲੇ ਹੈਰੋਇਨ ਤਸਕਰੀ ਨੈੱਟਵਰਕ ਦੇ ਚਾਰ ਕਾਰਕੁਨਾਂ ਨੂੰ 47.3 ਕਿਲੋਗ੍ਰਾਮ ਹੈਰੋਇਨ, ਤਿੰਨ .30 ਬੋਰ ਪਿਸਤੌਲਾਂ ਸਮੇਤ ਤਿੰਨ ਮੈਗਜ਼ੀਨ ਅਤੇ 15 ਜ਼ਿੰਦਾ ਕਾਰਤੂਸਾਂ ਨਾਲ ਗਿਫਤਾਰ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ ਜੀ ਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦਿੱਤੀ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਕੁਸ਼ ਵਾਸੀ ਘੁਬਾਇਆ (ਫਿਰੋਜ਼ਪੁਰ), ਮੰਗਲ ਸਿੰਘ ਵਾਸੀ ਪੰਜੇ ਕੇ ਉਤਾਰ (ਫਿਰੋਜ਼ਪੁਰ), ਸਚਿਨ ਉਰਫ ਸੰਜੂ ਵਾਸੀ ਪਰਭਾਤ ਸਿੰਘ ਵਾਲਾ (ਫਿਰੋਜ਼ਪੁਰ) ਅਤੇ ਅਨਮੋਲ ਸਿੰਘ ਵਾਸੀ ਲਾਮੋਚਰ ਖੁਰਦ (ਫਿਰੋਜ਼ਪੁਰ) ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਤਸਕਰੀ ਲਈ ਵਰਤੀਆਂ ਜਾਂਦੀਆਂ ਉਨ੍ਹਾਂ ਦੀਆਂ ਦੋ ਕਾਰਾਂ ਇੱਕ ਹੌਂਡਾ ਸਿਟੀ ਅਤੇ ਇੱਕ ਹੁੰਡਈ ਔਰਾ ਨੂੰ ਵੀ ਜ਼ਬਤ ਕਰ ਲਿਆ ਹੈ।
ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰੋਂ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਨੈੱਟਵਰਕ ਨਾਲ ਜੁੜੇ ਹੋਏ ਹਨ। ਉਨ੍ਹਾ ਕਿਹਾ ਕਿ ਇਸ ਵਿਸ਼ਾਲ ਨੈੱਟਵਰਕ ਦਾ ਪਰਦਾ ਫਾਸ਼ ਕਰਨ ਅਤੇ ਇਸ ਦੇ ਅਗਲੇ-ਪਿਛਲੇ ਸੰਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਸੁਪਰਡੈਂਟ ਆਫ਼ ਪੁਲਸ (ਐੱਸ ਐੱਸ ਪੀ) ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਨੇੜਲੇ ਭਵਿੱਖ ‘ਚ ਆਉਣ ਵਾਲੇ ਬਾਬਾ ਫਰੀਦ ਆਗਮਨ ਪੁਰਬ ਦੇ ਮੱਦੇਨਜ਼ਰ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਸੀ ਆਈ ਏ ਫਰੀਦਕੋਟ ਦੀ ਟੀਮ ਨੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਹੌਂਡਾ ਸਿਟੀ ਕਾਰ ਨੂੰ ਰੋਕਿਆ ਅਤੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ ਉਕਤ ਬਰਾਮਦਗੀ ਹੋਈ ਹੈ।