ਐੱਲ ਪੀ ਯੂ ਦੀਆਂ ਘਟਨਾਵਾਂ ਦੇ ਗੁਨਾਹਗਾਰ ਬਖਸ਼ਾਂਗੇ ਨਹੀਂ : ਡੀ ਜੀ ਪੀ ਯਾਦਵ

0
11

ਜਲੰਧਰ (ਸ਼ੈਲੀ ਐਲਬਰਟ)
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ ਪੀ ਯੂ) ਵਿੱਚ ਪਿਛਲੇ ਦਿਨਾਂ ਤੋਂ ਚੱਲ ਰਹੇ ਤਣਾਅ ਅਤੇ ਪ੍ਰਦਰਸ਼ਨਾਂ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਡੀ ਜੀ ਪੀ ਗੌਰਵ ਯਾਦਵ ਸੋਮਵਾਰ ਜ਼ਮੀਨੀ ਪੱਧਰ ‘ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਐੱਲ ਪੀ ਯੂ ਪਹੁੰਚੇ ਤੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜਾਂਚ ਦੌਰਾਨ ਜੇ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ |
ਉਨ੍ਹਾ ਕਿਹਾ ਕਿ ਜੰਤਰ-ਮੰਤਰ ਵਿਖੇ ਹੋਏ ਪ੍ਰਦਰਸ਼ਨ ਤੋਂ ਬਾਅਦ ਵਿਦਿਆਰਥੀਆਂ ਵਿੱਚ ਰੋਸ ਸੀ ਅਤੇ ਪੁਲਸ ਵੱਲੋਂ ਵਿਦਿਆਰਥੀਆਂ ਨਾਲ ਬੈਠ ਕੇ ਗੱਲਬਾਤ ਕਰਦਿਆਂ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਪੂਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ ਹੈ ਅਤੇ ਹਰ ਪੱਖ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ | ਪੁਲਸ ਵੱਲੋਂ ਦਰਜ ਐੱਫ ਆਈ ਆਰ ਦੀ ਜਾਂਚ ਵੀ ਸਿੱਟ ਕਰ ਰਹੀ ਹੈ |
ਡੀ ਜੀ ਪੀ ਨੇ ਸਪੱਸ਼ਟ ਕੀਤਾ ਕਿ ਜਾਂਚ ਦੌਰਾਨ ਜੇ ਕੋਈ ਵਿਅਕਤੀ, ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾ ਲੋਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਸਪੱਸ਼ਟ ਖਬਰਾਂ ਅਤੇ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਕਿਸੇ ਵੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਜ਼ਰੂਰ ਕਰਨ |
ਰਾਜਨੀਤੀ ਸ਼ਾਸਤਰ ਦੇ ਇੱਕ ਸੀਨੀਅਰ ਪ੍ਰੋਫੈਸਰ ਨੇ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ, Tਯੂਨੀਵਰਸਿਟੀ ਦੇ ਪੂਰੇ ਹੰਗਾਮੇ ਪਿੱਛੇ ਸਿਆਸੀ ਕਾਰਨ ਹੋ ਸਕਦੇ ਹਨ | ਵਾਇਰਲ ਵੀਡੀਓਜ਼ ਵਿੱਚ ਜੋ ਹੁੜਦੰਗ ਮਚਾਉਂਦੇ ਅਨਸਰ ਦੇਖੇ ਜਾ ਰਹੇ ਹਨ, ਉਨ੍ਹਾਂ ਕੋਲ ਵਾਕੀ-ਟਾਕੀ ਅਤੇ ਤਲਵਾਰਾਂ ਸਨ | ਉਹ ਵਿਦਿਆਰਥੀ ਨਹੀਂ ਲੱਗਦੇ ਅਤੇ ਕਈ ਤਾਂ ਪੰਜਾਬੀ ਵੀ ਨਹੀਂ ਜਾਪਦੇ |
ਕੁਝ ਸਿੱਖਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਹ ਪ੍ਰਦਰਸ਼ਨ ਵਿਦਿਆਰਥੀਆਂ ਅੰਦਰ ਲੰਮੇ ਸਮੇਂ ਤੋਂ ਭਰੇ ਗੁੱਸੇ ਦਾ ਨਤੀਜਾ ਵੀ ਹੋ ਸਕਦਾ ਹੈ | ਨਿੱਜੀ ਯੂਨੀਵਰਸਿਟੀਆਂ ਦੀਆਂ ਦੋ ਸ਼੍ਰੇਣੀਆਂ ਹਨ-ਇੱਕ ਉਹ ਜੋ ਭਾਰੀ ਫੀਸਾਂ ਲੈ ਕੇ ਮਿਆਰੀ ਸਿੱਖਿਆ ਦਿੰਦੀਆਂ ਹਨ ਅਤੇ ਦੂਜੀਆਂ ਜਿੱਥੇ ਸਿਰਫ ਗਿਣਤੀ ‘ਤੇ ਧਿਆਨ ਦਿੱਤਾ ਜਾਂਦਾ ਹੈ | ਐੱਲ ਪੀ ਯੂ ਵਿੱਚ 40,000 ਤੋਂ ਵੱਧ ਵਿਦਿਆਰਥੀ ਹਨ ਅਤੇ ਇੱਥੋਂ ਦੇ ਪੜ੍ਹਾਈ ਦੇ ਮਾਹੌਲ ‘ਤੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ | ਪੰਜਾਬ ਸਟੂਡੈਂਟਸ ਯੂਨੀਅਨ (ਪੀ ਐੱਸ ਯੂ) ਦੇ ਅਹੁਦੇਦਾਰ ਗਗਨ ਸੰਗਰਾਮੀ ਨੇ ਕਿਹਾ, Tਕੈਂਪਸ ਵਿੱਚ ਸਿੱਖਿਆ ਦੇ ਡਿੱਗ ਰਹੇ ਮਿਆਰ, ਗੈਰ-ਵਾਜਬ ਜੁਰਮਾਨਿਆਂ ਅਤੇ ਜ਼ਿਆਦਾ ਪਾਬੰਦੀਆਂ ਕਾਰਨ ਵਿਦਿਆਰਥੀ ਨਿਰਾਸ਼ ਹਨ | ਭਾਵੇਂ ਬਾਹਰੀ ਅਨਸਰਾਂ ਨੇ ਭੰਨਤੋੜ ਕੀਤੀ ਹੋਵੇ, ਪਰ ਸਥਾਨਕ ਵਿਦਿਆਰਥੀਆਂ ਦੇ ਗੁੱਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸਮੱਸਿਆਵਾਂ ਦਾ ਹੱਲ ਕੱਢਣ ਦੀ ਲੋੜ ਹੈ | ਦੋਸ਼ੀ ਕੋਈ ਵੀ ਹੋਵੇ, ਸੱਚ ਜ਼ਿਆਦਾ ਦੇਰ ਨਹੀਂ ਛੁਪ ਸਕਦਾ |”