ਨਵੀਂ ਦਿੱਲੀ : ਗਲੋਬਲ ਹੰਗਰ ਇੰਡੈਕਸ (ਭੁੱਖਮਰੀ ਸੂਚਕ ਅੰਕ) ਦੀ 2022 ਦੀ ਲਿਸਟ ’ਚ ਭਾਰਤ ਨੂੰ 107ਵਾਂ ਰੈਂਕ ਮਿਲਿਆ ਹੈ। ਗੁਆਂਢੀ ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਦੀ ਪੁਜ਼ੀਸ਼ਨ ਭਾਰਤ ਨਾਲੋਂ ਬਿਹਤਰ ਰਹੀ ਹੈ। ਪਾਕਿਸਤਾਨ ਦੀ ਰੈਂਕਿੰਗ 99, ਬੰਗਲਾਦੇਸ਼ ਦੀ 84, ਨੇਪਾਲ ਦੀ 81 ਤੇ ਸ੍ਰੀਲੰਕਾ ਦੀ 64 ਰਹੀ ਹੈ। ਸਿਰਫ ਅਫਗਾਨਿਸਤਾਨ ਹੀ 109 ਰੈਂਕ ਨਾਲ ਭਾਰਤ ਤੋਂ ਪਿੱਛੇ ਰਿਹਾ ਹੈ।
ਇਹ ਲਿਸਟ 121 ਦੇਸ਼ਾਂ ਦੀ ਹੁੰਦੀ ਹੈ ਤੇ ਭਾਰਤ ਪਿਛਲੇ ਸਾਲ ਨਾਲੋਂ 6 ਰੈਂਕ ਹੋਰ ਤਿਲਕਿਆ ਹੈ। ਪਿਛਲੇ ਸਾਲ ਇਸ ਦੀ ਰੈਂਕਿੰਗ 101 ਸੀ ਤੇ 2019 ਵਿਚ 94 ਸੀ। ਇਸ ਤਰ੍ਹਾਂ ਦੋ ਸਾਲ ਵਿਚ ਭਾਰਤ ਦੀ ਸਥਿਤੀ ਕਾਫੀ ਬਦਤਰ ਹੋ ਗਈ ਹੈ।
ਨਵੀਂ ਲਿਸਟ ’ਚ 17 ਦੇਸ਼ ਸਿਖਰਲੇ ਰੈਂਕ ਵਿਚ ਆਏ ਹਨ। ਇਨ੍ਹਾਂ ਵਿਚ ਚੀਨ, ਤੁਰਕੀ ਤੇ ਕੁਵੈਤ ਸ਼ਾਮਲ ਹਨ। ਇਨ੍ਹਾਂ ਦਾ ਰੈਂਕ ਮਾੜੇ ਪਾਸਿਓਂ 5 ਤੋਂ ਘੱਟ ਹੈ। ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ ਹੈ ਕਿ 2014 ਤੋਂ ਮੋਦੀ ਸਰਕਾਰ ਦੇ 8 ਸਾਲ ਦੌਰਾਨ ਭਾਰਤ ਦਾ ਭੁੱਖਮਰੀ ਸੂਚਕ ਅੰਕ ਖਰਾਬ ਹੁੰਦਾ ਆ ਰਿਹਾ ਹੈ। ਮਾਣਯੋਗ ਪ੍ਰਧਾਨ ਮੰਤਰੀ ਕੁਪੋਸ਼ਣ, ਭੁੱਖਮਰੀ ਤੇ ਬੱਚਿਆਂ ਦੇ ਮਧਰੇ ਤੇ ਕਮਜ਼ੋਰ ਰਹਿਣ ਵਰਗੇ ਮੁੱਦਿਆਂ ’ਤੇ ਕਦੋਂ ਗੱਲ ਕਰਨਗੇ।
ਭੁੱਖਮਰੀ ਸੂਚਕ ਅੰਕ ਯੂਰਪੀ ਐੱਨ ਜੀ ਓ ਤਿਆਰ ਕਰਦੇ ਹਨ ਤੇ ਇਸ ਵਿਚ ਚਾਰ ਪੈਮਾਨੇ ਵਰਤੇ ਜਾਂਦੇ ਹਨ। ਪਹਿਲਾ ਇਹ ਕਿ ਸਿਹਤਮੰਦ ਵਿਅਕਤੀ ਨੂੰ ਦਿਨ-ਭਰ ਲਈ ਲੋੜੀਂਦੀ ਕੈਲੋਰੀ ਨਾ ਮਿਲਣਾ। ਦੂਜਾ, ਜਨਮ ਲੈਣ ਵਾਲੇ ਇਕ ਹਜ਼ਾਰ ਬੱਚਿਆਂ ਵਿੱਚੋਂ ਕਿੰਨਿਆਂ ਦੀ ਮੌਤ ਪੰਜ ਸਾਲ ਦੇ ਅੰਦਰ ਹੋ ਗਈ। ਤੀਜਾ, ਬੱਚਾ ਆਪਣੀ ਉਮਰ ਦੇ ਹਿਸਾਬ ਨਾਲ ਦੁਬਲਾ-ਪਤਲਾ ਤਾਂ ਨਹੀਂ। ਪੰਜ ਸਾਲ ਦੇ ਅਜਿਹੇ ਬੱਚਿਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਖਾਣ-ਪੀਣ ਲਈ ਲੋੜੀਂਦਾ ਭੋਜਨ ਨਹੀਂ ਮਿਲਿਆ। ਚੌਥਾ, ਬੱਚੇ ਉਮਰ ਦੇ ਹਿਸਾਬ ਨਾਲ ਮਧਰੇ ਤਾਂ ਨਹੀਂ।