ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਭਿ੍ਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਕੋਟ ਈਸੇ ਖਾਂ ਦੀ ਮੁੱਖ ਅਫਸਰ (ਐੱਸ ਐੱਚ ਓ) ਇੰਸਪੈਕਟਰ ਸੁਨੀਤਾ ਬਾਵਾ ਤੇ ਉਸ ਦੇ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਤੋਂ ਬਾਅਦ ਮਹਿਲਾ ਇੰਸਪੈਕਟਰ ਦੇ ਬੇਖੌਫ ਬਿਆਨ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਰਹੇ ਹਨ | ਗਿ੍ਫਤਾਰੀ ਤੋਂ ਬਾਅਦ ਮਹਿਲਾ ਇੰਸਪੈਕਟਰ ਦੀ ਇੱਕ ਵੀਡੀਓ ਕਾਫੀ ਚਰਚਾ ਵਿੱਚ ਹੈ | ਜਦੋਂ ਪੱਤਰਕਾਰਾਂ ਨੇ ਉਸ ਤੋਂ ਸਵਾਲ ਪੁੱਛੇ ਤਾਂ ਉਸ ਨੇ ਬੇਖੌਫ ਹੋ ਕੇ ਕਿਹਾ, ”ਆਲ ਇਜ਼ ਵੈੱਲ, ਆਲ ਇਜ਼ ਵੈੱਲ |” ਜਦੋਂ ਉਸ ਤੋਂ ਰਿਸ਼ਵਤ ਦੇ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ, ”ਦੇਖੋ ਜੀ, ਜੇਲ੍ਹ ਦਾ ਨਵਾਂ ਮਾਡਿਊਲ ਸਟਾਰਟ ਹੋ ਗਿਆ, ਲੈੱਟਸ ਸੀ ਵੱਟ ਹੈੱਪਨ (ਭਾਵ ਅੱਗੇ ਦੇਖਦੇ ਹਾਂ ਕੀ ਹੁੰਦਾ ਹੈ) |” ਇੰਨਾ ਹੀ ਨਹੀਂ, ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਇਸ ਸਥਿਤੀ ਵਿੱਚ ਵੀ ਤੁਹਾਡੇ ਚਿਹਰੇ ‘ਤੇ ਮੁਸਕਰਾਹਟ ਕਿਵੇਂ ਹੈ, ਤਾਂ ਉਸ ਨੇ ਬੇਬਾਕੀ ਨਾਲ ਕਿਹਾ, ”ਬਿਲਕੁੱਲ ਜੀ, ਬੋਲਡ ਰਹਿਣਾ ਚਾਹੀਦਾ, ਘਾਟੇ-ਵਾਧੇ ਚੱਲਦੇ ਰਹਿੰਦੇ ਆ, ਨੋ ਇਸ਼ੂ | ਹੋਪ ਫਾਰ ਦੀ ਬੈੱਸਟ” (ਭਾਵ ਕੋਈ ਸਮੱਸਿਆ ਨਹੀਂ, ਚੰਗੇ ਲਈ ਦੁਆ ਕਰੋ) | ਕੁੱਝ ਸੋਸ਼ਲ ਮੀਡੀਆ ਯੂਜ਼ਰਜ਼ ਮਹਿਲਾ ਇੰਸਪੈਕਟਰ ਦੇ ਰਵੱਈਏ ‘ਤੇ ਸਵਾਲ ਚੁੱਕ ਰਹੇ ਹਨ ਅਤੇ ਕੁੱਝ ਦੇਸ਼ ਦੇ ਸਿਸਟਮ ਨੂੰ ਕੋਸ ਰਹੇ ਹਨ | ਕੋਟ ਈਸੇ ਖਾਂ ਥਾਣੇ ਵਿੱਚ ਤਾਇਨਾਤ ਐੱਸ ਐੱਚ ਓ ਦੇ ਰਿਸ਼ਵਤਖੋਰੀ ਵਿੱਚ ਫੜੇ ਜਾਣ ਦਾ ਇਹ ਦੋ ਸਾਲਾਂ ਦਰਮਿਆਨ ਦੂਜਾ ਮਾਮਲਾ ਹੈ | ਇਸ ਤੋਂ ਪਹਿਲਾਂ ਅਕਤੂਬਰ 2024 ਵਿੱਚ ਉਸ ਵੇਲੇ ਦੀ ਐੱਸ ਐੱਚ ਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਦੋ ਕਾਂਸਟੇਬਲਾਂ ਖਿਲਾਫ ਭਿ੍ਸ਼ਟਾਚਾਰ ਅਤੇ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ | ਉਸ ਮਾਮਲੇ ਵਿੱਚ ਪੁਲਸ ਨੇ ਦੋਸ਼ ਲਾਇਆ ਸੀ ਕਿ ਗਰੇਵਾਲ ਦੀ ਟੀਮ ਨੇ 5 ਕਿੱਲੋ ਅਫੀਮ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਸੀ, ਪਰ 8 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਦੋ ਮੁਲਜ਼ਮਾਂ ਨੂੰ ਛੱਡ ਦਿੱਤਾ ਅਤੇ ਬਰਾਮਦਗੀ 2 ਕਿੱਲੋ ਦਿਖਾਈ ਸੀ | ਗਰੇਵਾਲ, ਜਿਸ ਨੂੰ ਕੁਝ ਦਿਨ ਪਹਿਲਾਂ ਹੀ ਅਦਾਲਤ ਤੋਂ ਜ਼ਮਾਨਤ ਮਿਲੀ ਹੈ, ਨੇ ਉਸ ਸਮੇਂ ਸੀਨੀਅਰ ਅਧਿਕਾਰੀਆਂ ‘ਤੇ ਜਿਨਸੀ ਸ਼ੋਸ਼ਣ ਦਾ ਵਿਰੋਧ ਕਰਨ ਬਦਲੇ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਲਾਏ ਸਨ |





