ਚੰਡੀਗੜ੍ਹ (ਨ ਜ਼ ਸ) : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੀ ਪ੍ਰਬੰਧਕੀ ਸਕੱਤਰ ਸੁਨਾਲੀ ਗਿਰੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰਨ ‘ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਗੁੱਸੇ ਵਿੱਚ ਆ ਗਏ ਹਨ | ਭਾਸ਼ਾ ਵਿਭਾਗ ‘ਚ 42 ਖੋਜ ਸਹਾਇਕਾਂ ਦੀ ਭਰਤੀ ਕਾਫੀ ਸਮੇਂ ਤੋਂ ਵਿਵਾਦਾਂ ‘ਚ ਘਿਰੀ ਹੋਈ ਹੈ ਅਤੇ ਇਹ ਮਾਮਲਾ ਅਦਾਲਤ ਤੱਕ ਵੀ ਪੁੱਜਿਆ ਸੀ | ਪੰਜਾਬ ਸਰਕਾਰ ਕੋਲ ਪੁੱਜੀਆਂ ਸ਼ਿਕਾਇਤਾਂ ਮੁਤਾਬਕ ਭਰਤੀ ਮੁਹਿੰਮ ਦੌਰਾਨ ਯੋਗਤਾ ਦੇ ਮਾਪਦੰਡਾਂ ‘ਚ ਬਦਲਾਅ ਅਤੇ ਰਾਖਵੇਂਕਰਨ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ | ਭਰਤੀ ਦਾ ਮਾਮਲਾ ਹਾਲੇ ਤੱਕ ਕਿਸੇ ਸਿਰੇ ਨਹੀਂ ਲੱਗਿਆ | ਸੁਨਾਲੀ ਗਿਰੀ ਮੁਤਾਬਕ ਬੇਸ਼ੱਕ ਭਰਤੀ ਦੀ ਪ੍ਰਕਿਰਿਆ ਪਹਿਲਾਂ ਸ਼ੁਰੂ ਹੋਈ ਸੀ, ਪ੍ਰੰਤੂ ਉਸ ਨੂੰ ਅੱਗੇ ਮੌਜੂਦਾ ਡਾਇਰੈਕਟਰ ਵੱਲੋਂ ਵਧਾਇਆ ਗਿਆ | ਉਨ੍ਹਾ ਇਤਰਾਜ਼ ਕੀਤਾ ਕਿ ਡਾਇਰੈਕਟਰ ਵਾਰ-ਵਾਰ ਬੁਲਾਏ ਜਾਣ ਦੇ ਬਾਵਜੂਦ ਮੀਟਿੰਗਾਂ ‘ਚ ਸ਼ਾਮਲ ਨਹੀਂ ਹੁੰਦੇ | ਪਿਛਲੇ ਦਿਨੀਂ ਜ਼ਫ਼ਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਅਫਸਰਸ਼ਾਹੀ ਭਾਸ਼ਾ ਵਿਭਾਗ ਦੇ ਕੰਮਾਂ ‘ਚ ਅੜਿੱਕੇ ਪਾ ਰਹੀ ਹੈ | ਹੁਣ ਜ਼ਫ਼ਰ ਨੇ ‘ਕਾਰਨ ਦੱਸੋ ਨੋਟਿਸ’ ਜਾਰੀ ਹੋਣ ਮਗਰੋਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪ੍ਰਬੰਧਕੀ ਸਕੱਤਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ | ਜ਼ਫ਼ਰ ਨੇ ਲਿਖਿਆ ਹੈ ਕਿ ਜਿਸ ਦਫਤਰੀ ਰਿਕਾਰਡ ਨਾਲ ਸੰਬੰਧਤ ਕਲੈਰੀਕਲ ਗਲਤੀ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਉਹ ਉਨ੍ਹਾ ਦੀ ਨਿਯੁਕਤੀ ਤੋਂ ਪਹਿਲਾਂ ਦਾ ਮਾਮਲਾ ਹੈ | ਕਿਸੇ ਵੀ ਅਨੁਸ਼ਾਸਨੀ ਕਾਰਵਾਈ ਲਈ ਮੁੱਖ ਮੰਤਰੀ ਹੀ ਸਮਰੱਥ ਹਨ, ਪ੍ਰੰਤੂ ਇਸ ਅਧਿਕਾਰੀ ਨੇ ਤਾਂ ਸਿੱਖਿਆ ਮੰਤਰੀ ਨੂੰ ਵੀ ਇਸ ਦੀ ਸੂਚਨਾ ਨਹੀਂ ਦਿੱਤੀ |




