ਚੋਣਾਂ ‘ਚ ਚਿੱਟਾ ਹੀ ਭਾਜਪਾ ਦਾ ਸਭ ਤੋਂ ਵੱਡਾ ਮੁੱਦਾ ਹੋਵੇਗਾ : ਸ਼ਾਹ

0
4

ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ) : ”ਮੈਂ ਇੱਥੇ ਪੰਜਾਬ ਦੀਆਂ ਮਾਵਾਂ ਅਤੇ ਨੌਜਵਾਨਾਂ ਨੂੰ ਅਪੀਲ ਕਰਨ ਲਈ ਆਇਆ ਹਾਂ ਕਿ ਉਹ ਇਸ ਚੋਣ ਵਿੱਚ ਭਾਜਪਾ ਦਾ ਸਮਰਥਨ ਕਰਨ ਅਤੇ ਪੰਜਾਬ 31 ਦਸੰਬਰ, 2029 ਤੱਕ ਚਿੱਟੇ ਦੀ ਬਿਪਤਾ ਤੋਂ ਮੁਕਤ ਹੋ ਜਾਵੇਗਾ |” ਇਸ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਇੱਥੇ ਰੈਲੀ ਵਿੱਚ ਸਪੱਸ਼ਟ ਕੀਤਾ ਕਿ ਭਾਜਪਾ ਅਸੈਂਬਲੀ ਚੋਣਾਂ ਵਿੱਚ ਨਸ਼ੇ ਨੂੰ ਹੀ ਸਭ ਤੋਂ ਵੱਡਾ ਮੁੱਦਾ ਬਣਾਏਗੀ | ਸ਼ਾਹ ਨੇ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦੇ ਗੱਠਜੋੜ ਦਾ ਕੋਈ ਇਸ਼ਾਰਾ ਨਹੀਂ ਕੀਤਾ | ਸ਼ਾਹ ਨੇ ਵਾਰ-ਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਨੂੰ ਚਿੱਟੇ ਦੀ ਬਿਪਤਾ ਤੋਂ ਮੁਕਤ ਕਰਨਾ ਭਾਜਪਾ ਦਾ ਇੱਕਮਾਤਰ ਟੀਚਾ ਹੈ | ਬਾਕੀ ਸਭ ਕੁਝ ਬਾਅਦ ਵਿੱਚ | ਉਨ੍ਹਾ ਦਾਅਵਾ ਕੀਤਾ ਕਿ ਭਾਜਪਾ ਹੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਸਕਦੀ ਹੈ ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਅਸਫਲ ਰਹੀਆਂ ਹਨ | ਸ਼ਾਹ ਨੇ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ‘ਤੇ ਐੱਨ ਸੀ ਬੀ ਨੂੰ ਪੰਜਾਬ ਵਿੱਚ ਦਫਤਰ ਨਾ ਖੋਲ੍ਹਣ ਦੇਣ ਦਾ ਦੋਸ਼ ਲਗਾਇਆ | ਉਨ੍ਹਾ ਕਿਹਾ, ”ਅਸੀਂ (ਭਾਜਪਾ) ਉਹ ਕੀਤਾ ਹੈ ਜੋ ਅਸੀਂ ਵਾਅਦਾ ਕੀਤਾ ਸੀ | ਅਸੀਂ ਮੋਦੀ ਜੀ ਦੀ ਸਰਕਾਰ ਅਧੀਨ ਕਸ਼ਮੀਰ ਮੁੱਦਾ ਹੱਲ ਕੀਤਾ, ਨਕਸਲਵਾਦ ਦਾ ਅੰਤ ਕੀਤਾ ਅਤੇ ਉੱਤਰ ਪੂਰਬ ਵਿੱਚ ਅੱਤਵਾਦ ਦਾ ਖਾਤਮਾ ਕੀਤਾ | ਹੁਣ ਚਿੱਟਾ ਮੁਕਤ ਪੰਜਾਬ ਦੀ ਵਾਰੀ ਹੈ | 31 ਦਸੰਬਰ, 2029 ਤੋਂ ਬਾਅਦ, ਕੋਈ ਵੀ ਤੁਹਾਡੇ ਬੱਚਿਆਂ ਨੂੰ ਨਸ਼ੇ ਨਹੀਂ ਦੇਵੇਗਾ |””