ਲੋਕਤੰਤਰ ਬਚਾਉਣ ਲਈ 2 ਤੋਂ ਦੇਸ਼ ਵਿਆਪੀ ਪ੍ਰਦਰਸ਼ਨ

0
3

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੋਟ ਚੋਰੀ ਦੇ ਅਸਲ ਮਾਸਟਰਮਾਈਾਡ ਗਰਦਾਨਿਆ ਅਤੇ 19 ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਵੱਲੋਂ ਚੋਣ ਕਮਿਸ਼ਨ ਵਿਰੁੱਧ ਤਿੰਨ ਪੜਾਵੀ ਅੰਦੋਲਨ ਦਾ ਐਲਾਨ ਕੀਤਾ | ਖੜਗੇ ਨੇ ਇੰਡੀਆ ਗੱਠਜੋੜ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਵਿਰੋਧੀ ਪਾਰਟੀਆਂ 2 ਅਕਤੂਬਰ ਤੋਂ 8 ਅਕਤੂਬਰ ਤੱਕ ਜ਼ਿਲ੍ਹਾ ਪੱਧਰ ‘ਤੇ ‘ਲੋਕਤੰਤਰ ਬਚਾਓ’ ਮਾਰਚ ਅਤੇ ਪ੍ਰਦਰਸ਼ਨ ਕਰਨਗੀਆਂ | ਇਸ ਵਿਚਾਲੇ 6 ਅਕਤੂਬਰ ਨੂੰ ਸਾਰੇ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਚੋਣ ਕਮਿਸ਼ਨ ਵੱਲ ਮਾਰਚ ਕੀਤਾ ਜਾਵੇਗਾ ਅਤੇ 1 ਨਵੰਬਰ ਨੂੰ ਦਿੱਲੀ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ | ਖੜਗੇ ਨੇ ਕਿਹਾ ਕਿ ਗੱਠਜੋੜ ਨੇ ‘ਲੋਕਤੰਤਰ ਦੇ ਕਤਲ ਵਿਰੁੱਧ ਲੜਨ’ ਦਾ ਸਮੂਹਕ ਤੌਰ ‘ਤੇ ਫੈਸਲਾ ਕੀਤਾ ਹੈ | ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਗੱਲ ‘ਤੇ ਸਹਿਮਤ ਹਨ ਕਿ ਚੋਣਾਂ ਈ ਵੀ ਐੱਮ ਦੀ ਬਜਾਏ ਬੈਲਟ ਪੇਪਰਾਂ ਰਾਹੀਂ ਹੋਣੀਆਂ ਚਾਹੀਦੀਆਂ ਹਨ |
ਅਪੋਜ਼ੀਸ਼ਨ ਨੇਤਾਵਾਂ, ਜਿਨ੍ਹਾਂ ਵਿੱਚ ਕਾਂਗਰਸ ਦੀ ਸਾਬਕਾ ਮੁਖੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਟੀ ਐੱਮ ਸੀ ਮੁਖੀ ਮਮਤਾ ਬੈਨਰਜੀ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਰਾਜਦ ਦੇ ਤੇਜਸਵੀ ਯਾਦਵ ਅਤੇ ਐੱਨ ਸੀ ਪੀ ਦੀ ਸੰਸਦ ਮੈਂਬਰ ਸੁਪਿ੍ਆ ਸੁਲੇ ਸ਼ਾਮਲ ਸਨ, ਦੀ ਸਾਢੇ ਤਿੰਨ ਘੰਟੇ ਬੈਠਕ ਚੱਲੀ | ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਖੜਗੇ ਨੇ ਦੱਸਿਆ ਕਿ ਅਪੋਜ਼ੀਸ਼ਨ ਦੇ ਨੇਤਾ ਰਾਸ਼ਟਰਪਤੀ ਤੋਂ ਸਮਾਂ ਮੰਗਣਗੇ ਅਤੇ ਅਕਤੂਬਰ ਦੇ ਦੂਜੇ ਹਫਤੇ ‘ਵੋਟ ਚੋਰ ਸਰਕਾਰ’ ਖਿਲਾਫ ਮੰਗ ਪੱਤਰ ਸੌਂਪਣਗੇ | ਉਨ੍ਹਾ ਕਿਹਾ ਕਿ ਇੰਡੀਆ ਗੱਠਜੋੜ ਦੇ ਨੇਤਾ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਹਨ ਕਿ ਉਹ ਐੱਸ ਆਈ ਆਰ ਅਤੇ ਚੋਣ ਬੇਨਿਯਮੀਆਂ ਦੇ ਕੇਸਾਂ ਵਿੱਚ ਜਲਦੀ ਸੁਣਵਾਈ ਕਰੇ | ਉਨ੍ਹਾ ਕਿਹਾ ਕਿ ਕੁਝ ਨੇਤਾਵਾਂ ਨੇ ਮੀਟਿੰਗ ਵਿੱਚ ਆਨਲਾਈਨ ਹਿੱਸਾ ਲਿਆ ਜਿਵੇਂ ਕਿ ਸ਼ਿਵ ਸੈਨਾ (ਯੂ ਬੀ ਟੀ) ਮੁਖੀ ਉਧਵ ਠਾਕਰੇ ਅਤੇ ਝਾਰਖੰਡ ਦੇ ਮੁੱਖ ਮੰਤਰੀ ਅਤੇ ਹੇਮੰਤ ਸੋਰੇਨ ਅਤੇ ਸਾਰਿਆਂ ਨੇ ਸਰਬਸੰਮਤੀ ਨਾਲ ਮਿਲ ਕੇ ਲੜਨ ਦਾ ਪ੍ਰਣ ਲਿਆ | ਉਨ੍ਹਾ ਕਿਹਾ ਕਿ ਮੋਦੀ ਅਤੇ ਸ਼ਾਹ ਚੋਣ ਕਮਿਸ਼ਨ ਨੂੰ ਕਠਪੁਤਲੀਆਂ ਵਾਂਗ ਨਚਾ ਰਹੇ ਹਨ | ਰਾਹੁਲ ਗਾਂਧੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੀ ਇਹ ਰਾਏ ਹੈ ਕਿ ਭਾਰਤ ਦੇ ਲੋਕਤੰਤਰੀ ਢਾਂਚੇ ਉੱਤੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਹਮਲਾ ਕੀਤਾ ਗਿਆ ਹੈ | ਉਨ੍ਹਾ ਕਿਹਾ, ”ਅਸੀਂ ਇਸਨੂੰ ਚੁੱਪਚਾਪ ਸਹਿਣ ਨਹੀਂ ਕਰਾਂਗੇ, ਅਸੀਂ ਯਕੀਨੀ ਬਣਾਵਾਂਗੇ ਕਿ ਜਿਨ੍ਹਾਂ ਨੇ ਭਾਰਤੀ ਲੋਕਤੰਤਰ ਨੂੰ ਤਬਾਹ ਕੀਤਾ ਹੈ, ਉਨ੍ਹਾਂ ਨੂੰ ਸਜ਼ਾ ਮਿਲੇ | ਜੇ ਗਿਆਨੇਸ਼ ਕੁਮਾਰ ਨੇ ਅਸਤੀਫਾ ਨਾ ਦਿੱਤਾ ਤਾਂ ਅਸੀਂ ਲੋਕ ‘ਜ਼ਮੀਨ ਤੋਂ ਆਸਮਾਨ ਤੱਕ’ ਇੱਕ ਵਿਸ਼ਾਲ ਅੰਦੋਲਨ ਸ਼ੁਰੂ ਕਰਾਂਗੇ; ਅਸੀਂ ਲੜਾਂਗੇ, ਅਸੀਂ ਜਿੱਤਾਂਗੇ… ਅਸੀਂ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕਰਾਂਗੇ |” ਬੈਠਕ ਵਿੱਚ ਸਮਾਜਵਾਦੀ ਪਾਰਟੀ, ਸੀ ਪੀ ਆਈ (ਐੱਮ), ਸੀ ਪੀ ਆਈ-ਐੱਮ ਐੱਲ, ਆਈ ਯੂ ਐੱਮ.ਐੱਲ, ਮਰੁਮਲਾਰਚੀ ਦ੍ਰਵਿੜ ਮੁਨੇਤਰਾ ਕੜਗਮ, ਵਿਦੁਥਲਾਈ ਚਿਰੁਥੈਗਲ ਕਾਟਚੀ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ, ਕੇਰਲ ਕਾਂਗਰਸ (ਜੈਕਬ) ਅਤੇ ਆਲ ਇੰਡੀਆ ਫਾਰਵਰਡ ਬਲਾਕ ਦੇ ਆਗੂ ਵੀ ਸ਼ਾਮਲ ਸਨ | ਆਜ਼ਾਦ ਰਾਜ ਸਭਾ ਮੈਂਬਰ ਕਪਿਲ ਸਿਬਲ ਨੇ ਵੀ ਹਿੱਸਾ ਲਿਆ | ਮਮਤਾ ਬੈਨਰਜੀ ਨੇ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਦੁਹਰਾਇਆ ਅਤੇ ਭਾਜਪਾ ਅਤੇ ਚੋਣ ਕਮਿਸ਼ਨ ਦੀ ਨਿੰਦਾ ਕਰਦੇ ਹੋਏ ਬੈਨਰਜੀ ਨੇ ਕਿਹਾ, ”ਉਨ੍ਹਾਂ ਨੇ ਬੰਗਾਲ ਵਿੱਚ ਲੁੱਟ ਕੀਤੀ | ਅਸੀਂ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਗਏ | ਹੁਣ ਸਭ ਕੁਝ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ | ਗਿਆਨੇਸ਼ ਕੁਮਾਰ ਇੱਕ ਚੋਰ ਹੈ | ਉਸਨੇ ਈ ਵੀ ਐੱਮ ਸਾੜ ਦਿੱਤੀਆਂ | ਉਸਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ | ਆਓ ਲੋਕਤੰਤਰ ਨੂੰ ਬਚਾਈਏ | ਸਾਡੀ ਜ਼ੋਰਦਾਰ ਮੰਗ ਹੈ ਕਿ ਜੇ ਗਿਆਨੇਸ਼ ਕੁਮਾਰ ਨੂੰ ਨਹੀਂ ਹਟਾਇਆ ਗਿਆ ਤਾਂ ਇਹ ਅੰਦੋਲਨ ਜ਼ਮੀਨ ਤੋਂ ਅਸਮਾਨ ਤੱਕ ਪਹੁੰਚ ਜਾਵੇਗਾ | ਈ ਵੀ ਐੱਮ ਕਿਉਂ ਸਾੜੀਆਂ ਗਈਆਂ?”