ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀ ਬੀ ਆਈ ਵੱਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੰਮਨ ਭੇਜਣ ਬਾਅਦ ਟਵੀਟ ਕਰਕੇ ਸਿਸੋਦੀਆ ਦੀ ਤੁਲਨਾ ਭਗਤ ਸਿੰਘ ਨਾਲ ਕੀਤੀ ਹੈ। ਉਨ੍ਹਾ ਕਿਹਾ ਕਿ ਜੇਲ੍ਹ ਦੀਆਂ ਸਲਾਖਾਂ ਅਤੇ ਫਾਂਸੀ ਦਾ ਫੰਦਾ ਭਗਤ ਸਿੰਘ ਦੇ ਬੁਲੰਦ ਇਰਾਦਿਆਂ ਨੂੰ ਡੇਗ ਨਹੀਂ ਸਕੇ। ਇਹ ਆਜ਼ਾਦੀ ਦੀ ਦੂਜੀ ਲੜਾਈ ਹੈ। ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਅੱਜ ਦੇ ਭਗਤ ਸਿੰਘ ਹਨ। 75 ਸਾਲਾਂ ਬਾਅਦ ਦੇਸ਼ ਨੂੰ ਅਜਿਹਾ ਸਿੱਖਿਆ ਮੰਤਰੀ ਮਿਲਿਆ, ਜਿਸ ਨੇ ਗਰੀਬਾਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਉਮੀਦ ਜਗਾਈ ਹੈ। ਕਰੋੜਾਂ ਗਰੀਬਾਂ ਦੀਆਂ ਦੁਆਵਾਂ ਮਨੀਸ ਸਿਸੋਦੀਆ ਦੇ ਨਾਲ ਹਨ। (ਦਿੱਲੀ ਦੇ ਮੰਤਰੀ ਸਤੇਂਦਰ ਜੈਨ ਈ ਡੀ ਦੇ ਕੇਸ ਵਿਚ ਜੁਡੀਸ਼ੀਅਲ ਰਿਮਾਂਡ ’ਤੇ ਚੱਲ ਰਹੇ ਹਨ)।
ਸੀ ਬੀ ਆਈ ਨੇ ਕਥਿਤ ਆਬਕਾਰੀ ਘਪਲੇ ਦੇ ਸੰਬੰਧ ’ਚ ਸਿਸੋਦੀਆ ਨੂੰ ਪੁੱਛਗਿੱਛ ਲਈ 17 ਅਕਤੂਬਰ ਨੂੰ ਆਪਣੇ ਦਫਤਰ ਸੱਦਿਆ ਹੈ। ਸਿਸੋਦੀਆ ਨੇ ਟਵੀਟ ਕਰਕੇ ਕਿਹਾ ਕਿ ਉਹ 17 ਅਕਤੂਬਰ ਨੂੰ ਸਵੇਰੇ 11 ਵਜੇ ਸੀ ਬੀ ਆਈ ਦਫਤਰ ਜਾਣਗੇ ਤੇ ਜਾਂਚ ’ਚ ਪੂਰਾ ਸਹਿਯੋਗ ਕਰਨਗੇ।




