ਮਾਨਸਾ (ਨ ਜ਼ ਸ)
ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ‘ਚ ਮੰਗਲਵਾਰ ਦੁਪਹਿਰ ਦਲਜੀਤ ਸਿੰਘ (32) ਪੁੱਤਰ ਜਰਨੈਲ ਸਿੰਘ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ | ਕੁਝ ਵਿਅਕਤੀ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਪਿੰਡ ਦੀ ਸੜਕ ‘ਤੇ ਸੁੱਟ ਕੇ ਚਲੇ ਗਏ ਸਨ, ਜਿਸ ਤੋਂ ਬਾਅਦ ਪਰਵਾਰ ਅਤੇ ਪਿੰਡ ਵਾਸੀਆਂ ਨੇ ਉਸ ਦੀ ਲਾਸ਼ ਨੂੰ ਲੈ ਕੇ ਮਾਨਸਾ-ਸਿਰਸਾ ਮੁੱਖ ਮਾਰਗ ‘ਤੇ ਧਰਨਾ ਲਗਾ ਦਿੱਤਾ | ਇਸ ਦੌਰਾਨ ਪਰਵਿੰਦਰ ਝੋਟਾ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿੱਚੋਂ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਲੱਖਾ ਸਿਧਾਣਾ, ਮੋਹਣਜੀਤ ਸੇਰੋਂ ਅਤੇ ਹੋਰ ਜਥੇਬੰਦੀਆਂ ਦੇ ਆਗੂ ਉੱਥੇ ਪੁੱਜੇ | ਉਨ੍ਹਾਂ ਮਾਨਸਾ ਧਰਨੇ ਵਿੱਚ ਲਿਆਉਣ ਲਈ ਲਾਸ਼ ਚੁੱਕ ਲਈ, ਜਿਸ ਦੌਰਾਨ ਲੋਕਾਂ ਅਤੇ ਉਨ੍ਹਾਂ ਦੀ ਪੁਲਸ ਨਾਲ ਧੱਕਾ-ਮੁੱਕੀ ਹੋਈ | ਦਲਜੀਤ ਸਿੰਘ ਦੀ ਮਿ੍ਤਕ ਦੇਹ ਮਾਨਸਾ ਲਿਆਉਣ ਤੋਂ ਰੋਕਣ ਲਈ ਪੁਲਸ ਨੇ ਸਿਰਸਾ ਰੋਡ ਅਤੇ ਰਮਦਿੱਤੇਵਾਲਾ ਚੌਕ ‘ਤੇ ਟਰੱਕ ਖੜ੍ਹੇ ਕਰਕੇ ਜਾਮ ਲਾ ਦਿੱਤਾ | ਦੱਸਿਆ ਗਿਆ ਹੈ ਕਿ ਦਲਜੀਤ ਨਸ਼ੇ ਦਾ ਆਦੀ ਸੀ | ਮੰਗਲਵਾਰ ਸਵੇਰੇ ਉਸ ਨੇ ਆਪਣੀ ਧੀ ਨੂੰ ਸਕੂਲ ਜਾਣ ਲਈ ਪਿੰਡ ਦੇ ਬੱਸ ਅੱਡੇ ਤੋਂ ਸਕੂਲ ਵੈਨ ‘ਤੇ ਚੜ੍ਹਾਇਆ ਅਤੇ ਉਥੋਂ ਹੀ ਕੁਝ ਵਿਅਕਤੀਆਂ ਨਾਲ ਕਿਤੇ ਚਲਾ ਗਿਆ | ਉਸ ਦੀ ਹਾਲਤ ਵਿਗੜਦੇ ਹੀ ਉਸ ਦੇ ਸੰਗੀ ਉਸ ਨੂੰ ਪਿੰਡ ਭੰਮੇ ਕਲਾਂ ਦੇ ਬੱਸ ਅੱਡੇ ਵਾਲੀ ਸੜਕ ‘ਤੇ ਸੁੱਟ ਕੇ ਚਲੇ ਗਏ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ | ਦਲਜੀਤ ਸਿੰਘ ਦੋ ਬੱਚਿਆਂ ਦਾ ਬਾਪ ਸੀ | ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਇੱਕ ਬੱਬੂ ਨਾਂਅ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ | ਥਾਣਾ ਝੁਨੀਰ ਦੇ ਮੁਖੀ ਗਨੇਸ਼ਵਰ ਕੁਮਾਰ ਨੇ ਦੱਸਿਆ ਕਿ ਪੁਲਸ ਦਲਜੀਤ ਸਿੰਘ ਦੇ ਨਾਲ ਦੇ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ | ਦੇਰ ਸ਼ਾਮ ਪੁਲਸ ਨੇ ਲੱਖਾ ਸਿਧਾਣਾ, ਭਾਨਾ ਸਿੱਧੂ, ਸੇਰੋਂ ਨੂੰ ਹਿਰਾਸਤ ‘ਚ ਲੈ ਲਿਆ ਸੀ |



