ਵਿਜੇਵਾੜਾ (ਆਂਧਰਾ ਪ੍ਰਦੇਸ਼) (ਗਿਆਨ ਸੈਦਪੁਰੀ/
ਕਮਲਜੀਤ ਥਾਬਲਕੇ)
ਇੱਥੇ ਚੱਲ ਰਹੀ ਸੀ ਪੀ ਆਈ ਦੀ ਪਾਰਟੀ ਕਾਂਗਰਸ ਆਪਣੇ ਆਖ਼ਰੀ ਪੜਾਅ ਵਿੱਚ ਦਾਖ਼ਲ ਹੋ ਚੁੱਕੀ ਹੈ। ਸੋਮਵਾਰ ਨੂੰ ਵੀ ਰਿਪੋਰਟਾਂ ’ਤੇ ਬਹਿਸ ਹੋਈ। ਰਾਜਸੀ ਪ੍ਰਸਤਾਵ, ਜਥੇਬੰਦਕ ਰਿਪੋਰਟ ਅਤੇ ਰੀਵਿਊ ਰਿਪੋਰਟ ’ਤੇ ਬਹੁਤ ਸਾਰੇ ਡੈਲੀਗੇਟਾਂ ਨੇ ਸੰਜੀਦਾ ਬਹਿਸ ਕੀਤੀ। ਇਸ ਬਹਿਸ ਵਿੱਚ ਪੰਜਾਬ ਤੋਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਕਾਮਰੇਡ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਡਾ. ਅਰੁਣ ਮਿੱਤਰਾ ਅਤੇ ਚੰਡੀਗੜ੍ਹ ਤੋਂ ਸਾਥੀ ਹਰਚੰਦ ਬਾਠ ਨੇ ਹਿੱਸਾ ਲਿਆ।
ਕਾਮਰੇਡ ਗੁਲਜ਼ਾਰ ਗੋਰੀਆ ਨੇ ਰਿਪੋਰਟਾਂ ’ਤੇ ਬੋਲਦਿਆਂ ਕਿਹਾ ਕਿ ਸੀ ਪੀ ਆਈ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦਾ ਆਪਸੀ ਰਿਸ਼ਤਾ ਬੜਾ ਗਹਿਰਾ ਹੈ। ਜੇਕਰ ਸੀ ਪੀ ਆਈ ਮਜ਼ਬੂਤ ਹੁੰਦੀ ਹੈ ਤਾਂ ਕੁਦਰਤੀ ਹੈ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਵੀ ਤਕੜੀ ਹੋਵੇਗੀ। ਮਜ਼ਦੂਰ ਵਰਗ ਦੀ ਹਾਲਤ ਦੀ ਗੱਲ ਕਰਦਿਆਂ ਕਾਮਰੇਡ ਗੋਰੀਆ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਮਸ਼ੀਨੀਕਰਨ ਦੇ ਵਧੇ ਵਰਤਾਰੇ ਨੇ ਖੇਤ ਮਜ਼ਦੂਰਾਂ ਦੇ ਕੰਮ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਭੂਮੀਹੀਣ ਮਜ਼ਦੂਰ ਕੰਮ ਘਟਣ ਨਾਲ ਆਰਥਕ ਤੌਰ ’ਤੇ ਹੋਰ ਨਪੀੜੇ ਗਏ ਹਨ। ਸਰਕਾਰ ਬਦਲਵਾਂ ਕੰਮ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਮਗਨਰੇਗਾ ਦਾ ਬੱਜਟ ਘਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਜ਼ਦੂਰਾਂ ਦਾ ਸਮਾਜਕ ਤੌਰ ’ਤੇ ਸ਼ੋਸ਼ਣ ਵੀ ਜਾਰੀ ਹੈ। ਅਜਿਹੀਆਂ ਸਥਿਤੀਆਂ ਵਿੱਚ ਲਾਲ ਝੰਡੇ ਵਾਲੇ ਹੀ ਮਜ਼ਦੂਰ ਵਰਗ ਲਈ ਇੱਕੋ-ਇੱਕ ਆਸ ਦੀ ਕਿਰਨ ਹਨ। ਇਸ ਲਈ ਸੀ ਪੀ ਆਈ ਅਤੇ ਬੀ ਕੇ ਐੱਮ ਯੂ ਦੇ ਹਰ ਸਾਥੀ ਨੂੰ ਸੰਘਰਸ਼ਾਂ ਦੇ ਪਿੰਡ ਮੱਲਣੇ ਹੋਣਗੇ।
ਸੀ ਪੀ ਆਈ ਦੀ ਪੰਜਾਬ ਇਕਾਈ ਦੇ ਮੀਤ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਫਾਸ਼ੀਵਾਦ ਦਾ ਮੁਕਾਬਲਾ ਕਰਨ ਲਈ ਨੌਜਵਾਨਾਂ ਲਈ ਰੁਜ਼ਗਾਰ ਵਾਸਤੇ ਸੰਘਰਸ਼ ਤੇਜ਼ ਕਰਨਾ ਹੋਵੇਗਾ। ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਵੱਲੋਂ ਕੀਤੇ ਸੰਘਰਸ਼ ਅਤੇ ਪ੍ਰਾਪਤ ਕੀਤੀ ਜਿੱਤ ਦੀ ਸੇਧ ਵਿੱਚ ਪਾਰਟੀ ਨੂੰ ਮਜ਼ਬੂਤ ਸੰਘਰਸ਼ ਲਈ ਅੱਗੇ ਆਉਣਾ ਪਵੇਗਾ। ਸੀ ਪੀ ਆਈ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਡਾ. ਅਰੁਣ ਮਿਤਰਾ ਨੇ ਸਿਹਤ ਖੇਤਰ ਦਾ ਚਿਹਰਾ-ਮੋਹਰਾ ਪੇਸ਼ ਕਰਦਿਆਂ ਇਸ ਨੂੰ ਸੁਧਾਰਨ ਲਈ ਸੁਝਾਅ ਦਿੱਤੇ। ਆਲ ਇੰਡੀਆ ਪੀਸ ਐਂਡ ਸੋਲੀਡਰਟੀ ਆਰਗੇਨਾਈਜ਼ੇਸ਼ਨ ਵੱਲੋਂ ਬੋਲਦਿਆਂ ਸਾਥੀ ਹਰਚੰਦ ਸਿੰਘ ਬਾਠ ਨੇ ਜਿੱਥੇ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਮਜ਼ਬੂਤੀ ਲਈ ਮੁੱਲਵਾਨ ਗੱਲਾਂ ਕੀਤੀਆਂ, ਉਥੇ ਸੀ ਪੀ ਆਈ ਦੀ ਪਾਰਟੀ ਕਾਂਗਰਸ ਨੂੰ ਇਤਿਹਾਸਕ ਦੱਸਿਆ।
ਇਸੇ ਦੌਰਾਨ ਕਾਮਰੇਡ ਸ਼ਮੀਮ ਫੈਜ਼ੀ ਹਾਲ ਅੰਦਰ ਚਰਚਾ ਉਪਰੰਤ ਚਾਰ ਕਮਿਸ਼ਨਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਵਿੱਚ ਸਿਆਸੀ ਪ੍ਰਸਤਾਵ ’ਤੇ ਕਮਿਸ਼ਨ, ਜਥੇਬੰਦਕ ਕਮਿਸ਼ਨ, ਸਿਆਸੀ ਰੀਵਿਊ ਰਿਪੋਰਟ ਕਮਿਸ਼ਨ ਅਤੇ ਪਾਰਟੀ ਪ੍ਰੋਗਰਾਮ ਤੇ ਸੰਵਿਧਾਨਕ ਕਮਿਸ਼ਨ ਸ਼ਾਮਲ ਹਨ।
ਹਾਲ ਅੰਦਰ ਸੰਜੀਦਾ ਵਿਚਾਰ-ਵਟਾਂਦਰੇ ਦੇ ਨਾਲ-ਨਾਲ ਦੱਖਣੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।
ਗੁਰੂਦਾਸ ਦਾਸਗੁਪਤਾ ਨਗਰ ਵਿੱਚ ਮਹਾਂਸੰਮੇਲਨ ਦੇ ਪਹਿਲੇ ਦਿਨ ਤੋਂ ਲੱਗੀਆਂ ਰੌਣਕਾਂ ਵਿੱਚ ਕੋਈ ਕਮੀ ਨਹੀਂ ਆਈ, ਸਗੋਂ ਇਹ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਕਾਮਰੇਡ ਸ਼ਮੀਮ ਫੈਜ਼ੀ ਹਾਲ ਦੇ ਗੇਟ ਅੱਗੇ ਬਣੀ ‘ਸ਼ਹੀਦ ਵੇਦੀ’ ਡੈਲੀਗੇਟਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇੱਥੇ ਬਣਿਆ ਸ਼ਹੀਦੀ ਸਤੰਭ ਪੂਰੇ ਭਾਰਤ ਦੇ ਸਤੰਭਾਂ ਦਾ ਸਿੰਬਲ ਹੈ। ਇਸੇ ਤਰ੍ਹਾਂ ਹੀ ਲਾਲ ਝੰਡੇ ਦੇ ਸ਼ਹੀਦਾਂ ਦੇ ਬੁੱਤ। ਇੱਕ ਬੁੱਤ ਦੇ ਹੱਥ ’ਚ ਲਾਟ ਹੈ। ਇੱਥੇ ਸਾਰਾ ਦਿਨ ਡੈਲੀਗੇਟਾਂ ਵੱਲੋਂ ਤਸਵੀਰਾਂ ਖਿਚਵਾਉਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਸੀ ਪੀ ਆਈ ਦੀ ਪਾਰਟੀ ਕਾਂਗਰਸ ਦਾ ਇੱਕ ਹੋਰ ਉਤਸ਼ਾਹੀ ਪਹਿਲੂ ਇਹ ਹੈ ਕਿ ਇਥੋਂ ਦੇ ਪ੍ਰਬੰਧਾਂ ਦੀ ਆਮ ਤੌਰ ’ਤੇ ਵਾਗਡੋਰ ਨੌਜਵਾਨਾਂ ਦੇ ਹੱਥ ਹੈ ਤੇ ਉਨ੍ਹਾਂ ਵਿੱਚ ਵੀ ਸਰਗਰਮ ਭੂਮਿਕਾ ਪੰਜਾਬ ਦੇ ਨੌਜਵਾਨਾਂ ਦੀ ਨਜ਼ਰ ਆਉਂਦੀ ਹੈ। ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਅਤੇ ਭਾਰਤ ਦੀਆਂ ਔਰਤਾਂ ਦੀ ਸਿਰਮੌਰ ਜਥੇਬੰਦੀ ਦੀ ਆਗੂ ਕਾਮਰੇਡ ਐਨੀ ਰਾਜਾ ਦੀ ਧੀ (ਜੇ ਐੱਨ ਯੂ ਦੀ ਵਿਦਿਆਰਥਣ) ਅਪਿਰਾਜਤਾ ਮਹਾਂਸੰਮੇਲਨ ਵਿੱਚ ਸਰਗਰਮ ਸਹਿਯੋਗੀ ਭੂਮਿਕਾ ਵਿੱਚ ਮਸ਼ਰੂਫ ਹੈ।