ਨਵੀਂ ਦਿੱਲੀ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਆਬਕਾਰੀ ਨੀਤੀ ਕੇਸ ’ਚ ਸਵਾਲਾਂ ਦੇ ਜਵਾਬ ਦੇਣ ਲਈ ਸੋਮਵਾਰ ਸਵਾ ਗਿਆਰਾਂ ਵਜੇ ਦੇ ਕਰੀਬ ਸੀ ਬੀ ਆਈ ਹੈੱਡਕੁਆਰਟਰ ਪੁੱਜੇ ਤੇ ਏਜੰਸੀ ਦੀ ਪਹਿਲੀ ਮੰਜ਼ਲ ’ਤੇ ਐਂਟੀ ਕਰੱਪਸ਼ਨ ਬ੍ਰਾਂਚ ਵਿਚ ਚਲੇ ਗਏ। ਸੀ ਬੀ ਆਈ ਨੇ ਸਿਸੋਦੀਆ ਤੇ 14 ਹੋਰਨਾਂ ਖਿਲਾਫ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਗਸਤ ’ਚ ਕੇਸ ਦਰਜ ਕੀਤਾ ਸੀ।
ਘਰੋਂ ਸੀ ਬੀ ਆਈ ਦਫਤਰ ਲਈ ਰਵਾਨਾ ਹੋਣ ਤੋਂ ਪਹਿਲਾਂ ਸਿਸੋਦੀਆ ਨੇ ਆਪਣੀ ਮਾਂ ਨੂੰ ਮੱਥਾ ਟੇਕਿਆ ਤੇ ਪਤਨੀ ਤੋਂ ਮੱਥੇ ’ਤੇ ਟਿੱਕਾ ਲਵਾਇਆ। ਉਨ੍ਹਾ ਦੇ ਘਰ ਦੇ ਬਾਹਰ ਧਾਰਾ 144 ਲੱਗੀ ਹੋਣ ਦੇ ਬਾਵਜੂਦ ਵੱਡੀ ਗਿਣਤੀ ’ਚ ਪਾਰਟੀ ਵਰਕਰ ਤੇ ਹਮਾਇਤੀ ਮੌਜੂਦ ਸਨ। ਸਿਸੋਦੀਆ ਕਾਫਲੇ ਦੀ ਸ਼ਕਲ ’ਚ ਘਰੋਂ ਰਵਾਨਾ ਹੋਏ। ਉਹ ਪਹਿਲਾਂ ਪਾਰਟੀ ਦਫਤਰ ਤੇ ਮਗਰੋਂ ਰਾਜਘਾਟ ਵੀ ਗਏ। ਸਿਸੋਦੀਆ ਨੇ ਕਿਹਾ ਕਿ ਉਹ ਸੀ ਬੀ ਆਈ ਤੇ ਈ ਡੀ ਤੋਂ ਨਹੀਂ ਡਰਦੇ ਤੇ ਨਾ ਹੀ ਜੇਲ੍ਹ ਜਾਣ ਤੋਂ ਡਰਦੇ ਹਨ, ਕਿਉਂਕਿ ਭਗਤ ਸਿੰਘ ਵੀ ਦੇਸ਼ ਲਈ ਜੇਲ੍ਹ ਗਏ ਸਨ। ਇਸ ਦੌਰਾਨ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਤੇ ਹੋਰਨਾਂ ਪ੍ਰਦਰਸ਼ਨਕਾਰੀਆਂ ਨੂੰ ਸੀ ਬੀ ਆਈ ਹੈੱਡਕੁਆਰਟਰ ਦੇ ਬਾਹਰ ਪਾਬੰਦੀ ਹੁਕਮਾਂ ਦੀ ਕਥਿਤ ਉਲੰਘਣਾ ਦੇੇ ਦੋਸ਼ ’ਚ ਹਿਰਾਸਤ ’ਚ ਲੈ ਲਿਆ ਗਿਆ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ‘ਆਪ’ ਦਾ ਗਠਨ ਭਿ੍ਰਸ਼ਟਾਚਾਰ ਨਾਲ ਲੜਨ ਦੇ ਅਹਿਦ ਵਜੋਂ ਕੀਤਾ ਗਿਆ ਸੀ, ਪਰ ਇਹ ‘ਸਭ ਤੋਂ ਭਿ੍ਰਸ਼ਟ ਪਾਰਟੀ’ ਨਿਕਲੀ।