ਨੇਕ ਸਲਾਹ ਦੇਣ ਵਾਲੀ ਦੀਆ ਮਿਰਜ਼ਾ ਮੁੰਬਈ ਨਗਰ ਨਿਗਮ ਵੱਲੋਂ ਬਲੈਕਲਿਸਟ

0
5

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਭਾਜਪਾ ਦੇ ਮੁੰਬਈ ਪ੍ਰਧਾਨ ਅਮਿਤ ਸਾਤਮ ਦੇ ਇਤਰਾਜ਼ ਤੋਂ ਬਾਅਦ ਬਿ੍ਹਨ ਮੁੰਬਈ ਨਗਰ ਨਿਗਮ (ਬੀ ਐੱਮ ਸੀ) ਨੇ ਅਦਾਕਾਰਾ ਦੀਆ ਮਿਰਜ਼ਾ ਦੇ ਇੱਕ ਵੀਡੀਓ ਸੰਦੇਸ਼ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਚੋਣਵੇਂ ਤੌਰ ‘ਤੇ ਹਟਾ ਦੇਣ ਤੋਂ ਬਾਅਦ ਵਾਤਾਵਰਣ-ਅਨੁਕੂਲ ਦੀਵਾਲੀ ‘ਤੇ ਇੱਕ ਨਾਗਰਿਕ ਮੁਹਿੰਮ ਨੇ ਵਿਵਾਦ ਛੇੜ ਦਿੱਤਾ ਹੈ |
ਐਤਵਾਰ ਨੂੰ ਮਿਰਜ਼ਾ ਦੀ ਕਲਿੱਪ, ਜਿਸ ਵਿੱਚ ਲੋਕਾਂ ਨੂੰ ਸ਼ੋਰ ਅਤੇ ਹਵਾ ਪ੍ਰਦੂਸ਼ਣ ਤੋਂ ਬਚਣ ਦੀ ਅਪੀਲ ਕੀਤੀ ਗਈ ਸੀ, ਨੂੰ ਹਟਾ ਦਿੱਤਾ ਗਿਆ, ਜਦਕਿ ਅਦਾਕਾਰਾ ਮਾਧੁਰੀ ਦੀਕਸ਼ਿਤ ਅਤੇ ਨਿਸ਼ੀਗੰਧਾ ਵਾਡ ਦੇ ਨਾਲ-ਨਾਲ ਕਿ੍ਕਟਰ ਅਜਿੰਕਿਆ ਰਹਾਣੇ ਵਾਲੇ ਮੁਹਿੰਮ ਵੀਡੀਓਜ਼ ਨੂੰ ਬੀ ਐੱਮ ਸੀ ਦੇ ਐੱਕਸ ਅਤੇ ਇੰਸਟਾਗ੍ਰਾਮ ਪੇਜਾਂ ‘ਤੇ ਬਰਕਰਾਰ ਰੱਖਿਆ ਗਿਆ ਹੈ |
ਇਹ ਕਦਮ ਉਦੋਂ ਚੁੱਕਿਆ ਗਿਆ, ਜਦੋਂ ਸਾਤਮ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਕਿਹਾ, ‘ਅਸੀਂ ਦੀਵਾਲੀ ਕਿਵੇਂ ਮਨਾਉਣੀ ਹੈ, ਇਸ ਬਾਰੇ ਦੀਆ ਤੋਂ ਸਬਕ ਲੈਣ ਦੀ ਜ਼ਰੂਰਤ ਨਹੀਂ | ਸਾਡੀਆਂ ਪਰੰਪਰਾਵਾਂ ਤੇ ਸੱਭਿਆਚਾਰ ਵਿੱਚ ਡੂੰਘੀਆਂ ਜੜ੍ਹਾਂ ਹਨ |’ ਸਾਤਮ ਦੀ ਟਿੱਪਣੀ ਦੇ ਕੁਝ ਘੰਟਿਆਂ ਦੇ ਅੰਦਰ ਕਮਿਸ਼ਨਰ ਅਸ਼ਵਨੀ ਭਿਡੇ ਦੀ ਅਗਵਾਈ ਵਾਲੀ ਨਗਰ ਨਿਗਮ ਨੇ ਆਪਣੇ ਸੋਸ਼ਲ ਮੀਡੀਆ ਪੰਨਿਆਂ ਤੋਂ ਦੀਆ ਮਿਰਜ਼ਾ ਦੀ ਵੀਡੀਓ ਹਟਾ ਦਿੱਤੀ |
ਮੁੰਬਈ ਦੀ ਮੇਅਰ ਰਿਤੂ ਤਾਵੜੇ ਨੇ ਨਗਰ ਨਿਗਮ ਦੇ ਫੈਸਲੇ ਦੀ ਹਮਾਇਤ ਕਰਦਿਆਂ ਕਿਹਾ ਕਿ ਹਿੰਦੂ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੀਵਾਲੀ ਕਿਵੇਂ ਮਨਾਉਣੀ ਹੈ ਅਤੇ ਉਨ੍ਹਾਂ ਨੂੰ ਮਿਰਜ਼ਾ ਤੋਂ ਸਿੱਖਣ ਦੀ ਜ਼ਰੂਰਤ ਨਹੀਂ | ਦੀਆ ਮਿਰਜ਼ਾ ਨੇ ਨਰਮਦਾ ਪ੍ਰੋਜੈਕਟ, ਯੂਨੀਫਾਰਮ ਸਿਵਲ ਕੋਡ (ਯੂ ਸੀ ਸੀ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨਾਂ ਦਾ ਲਗਾਤਾਰ ਵਿਰੋਧ ਕੀਤਾ ਹੈ | ਦੀਆ ਮਿਰਜ਼ਾ ਦਾ ਹਿੰਦੂਤਵ ਵਿਰੁੱਧ ਵਿਰੋਧ ਲਗਾਤਾਰ ਜਾਰੀ ਹੈ | ਮੇਅਰ ਨੇ ਅੱਗੇ ਕਿਹਾ ਕਿ ਬੀ ਐੱਮ ਸੀ ਨੇ ਉਸ ਨੂੰ ਬਲੈਕਲਿਸਟ ਕਰ ਦਿੱਤਾ ਹੈ | ਉਸ ਨੂੰ ਆਪਣੇ ਚੋਣਵੇਂ ਏਜੰਡੇ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ | ਉਸ ਨੇ ਅਦਾਕਾਰਾ ‘ਤੇ ਵਾਤਾਵਰਣ ਸੰਕਟ ਨੂੰ ਹੱਲ ਕਰਨ ਲਈ ਸਰਕਾਰ ਦੇ ਯਤਨਾਂ ਦਾ ਵਿਰੋਧ ਕਰਨ ਦਾ ਵੀ ਦੋਸ਼ ਲਗਾਇਆ |
ਦੀਆ ਮਿਰਜ਼ਾ ਨੇ ਦੱਸਿਆ ਕਿ ਇਹ ਵੀਡੀਓ ਬੰਬੇ ਹਾਈ ਕੋਰਟ ਦੀ ਹਾਲ ਹੀ ਵਿੱਚ ਮਸ਼ਹੂਰ ਹਸਤੀਆਂ ਨੂੰ ਕੀਤੀ ਗਈ ਅਪੀਲ ਦੇ ਹਿੱਸੇ ਵਜੋਂ ਰਿਕਾਰਡ ਕੀਤਾ ਗਿਆ ਸੀ |
ਵੀਡੀਓ ਵਿੱਚ ਦੀਆ ਨੇ ਪਟਾਕੇ ਨਾ ਚਲਾਉਣ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਸੀ | ਦੀਆ ਮਿਰਜ਼ਾ ਨੇ ਕਿਹਾ ਕਿ ਉਸ ਨੂੰ ਇਸ ਮੁਹਿੰਮ ਲਈ ਬੀ ਐੱਮ ਸੀ ਤੋਂ ਕੋਈ ਫੀਸ ਨਹੀਂ ਮਿਲੀ | ਉਸ ਨੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਚੰਗਿਆਈ ਦਾ ਯੁੱਗ ਖਤਮ ਹੋ ਗਿਆ ਹੈ | ਉਸ ਨੇ ਕਿਹਾ, ‘ਕੋਈ ਮੇਰੇ ਦੁਆਰਾ ਰਿਕਾਰਡ ਕੀਤੀ ਗਈ ਵੀਡੀਓ ਦੀ ਆਲੋਚਨਾ ਕਿਉਂ ਕਰੇ, ਜੋ ਕਿ ਬੀ ਐੱਮ ਸੀ ਨੇ ਜਨਤਕ ਹਿੱਤ ਵਿੱਚ ਰਿਕਾਰਡ ਕਰਵਾਈ ਸੀ? ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਹੈ ਅਤੇ ਪ੍ਰਦੂਸ਼ਣ ਘਟਾਉਣ ਦੇ ਸਾਰੇ ਯਤਨਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ |’