ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇੱਥੇ ਸੋਮਵਾਰ ਪੁਲਸ ਮੁਲਾਜ਼ਮਾਂ ਨੇ ਪੁਲਸ ਹੈੱਡਕੁਆਰਟਰ ਵਿਖੇ ਇਹ ਦੋਸ਼ ਲਾਉਂਦਿਆਂ ਵਿਰੋਧ ਪ੍ਰਦਰਸ਼ਨ ਕੀਤਾ ਕਿ ਵਕੀਲਾਂ ਦੇ ਦਬਾਅ ਹੇਠ ਪੂਰਬੀ ਦਿੱਲੀ ਦੇ ਇੱਕ ਏ ਸੀ ਪੀ ਅਤੇ ਇੱਕ ਇੰਸਪੈਕਟਰ ਨੂੰ ਗੈਰ-ਕਾਰਜਸ਼ੀਲ ਯੂਨਿਟਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ | ਮੁਲਾਜ਼ਮਾਂ ਨੇ ਇਸ ਕਾਰਵਾਈ ਨੂੰ ਬੇਇਨਸਾਫੀ ਦੱਸਦਿਆਂ ਕਿਹਾ ਕਿ ਇਸ ਨਾਲ ਫੋਰਸ ਦਾ ਮਨੋਬਲ ਡਿੱਗੇਗਾ | ਦੁਪਹਿਰ ਤੱਕ ਸਥਿਤੀ ਹੋਰ ਤਣਾਅਪੂਰਨ ਹੋ ਗਈ, ਜਦੋਂ ਮੁਲਾਜ਼ਮਾਂ ਨੇ ਹੈੱਡਕੁਆਰਟਰ ਦੇ ਅੰਦਰ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ |
ਫੋਰਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਮੁਲਾਜ਼ਮਾਂ ਨੇ ਹੈੱਡਕੁਆਰਟਰ ਦੇ ਅੰਦਰ ਅਜਿਹੀ ਖੁੱਲ੍ਹੀ ਬਗਾਵਤ ਕੀਤੀ ਹੋਵੇ | ਪ੍ਰਦਰਸ਼ਨਕਾਰੀਆਂ ਅੱਗੇ ਸੀਨੀਅਰ ਅਧਿਕਾਰੀ ਬੇਵੱਸ ਨਜ਼ਰ ਆਏ |
ਸਥਿਤੀ ਵਿਗੜਦੀ ਦੇਖ ਪੁਲਸ ਕਮਿਸ਼ਨਰ ਅਨੁਰਾਗ ਕੁਮਾਰ ਅਤੇ ਸਪੈਸ਼ਲ ਕਮਿਸ਼ਨਰਾਂ ਨੂੰ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਆਦਰਸ਼ ਆਡੀਟੋਰੀਅਮ ਵਿੱਚ ਤੁਰੰਤ ਮੀਟਿੰਗ ਸੱਦਣੀ ਪਈ | ਇਸ ਦੌਰਾਨ ਮੀਡੀਆ ਦੇ ਅੰਦਰ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ | ਵੱਖ-ਵੱਖ ਜ਼ਿਲਿ੍ਹਆਂ ਤੋਂ ਪੁਲਸ ਮੁਲਾਜ਼ਮ, ਜਿਨ੍ਹਾਂ ਵਿੱਚ ਵੱਡੀ ਗਿਣਤੀ ਮਹਿਲਾ ਮੁਲਾਜ਼ਮ ਵੀ ਸ਼ਾਮਲ ਸਨ, ਸਾਦੇ ਕੱਪੜਿਆਂ ਵਿੱਚ ਉੱਥੇ ਪਹੁੰਚੇ | ਤੀਸ ਹਜ਼ਾਰੀ ਕੋਰਟ ਕੰਪਲੈਕਸ ਵਿੱਚ ਹੋਈ ਹਿੰਸਾ ਤੋਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਦਿੱਲੀ ਪੁਲਸ ਦੇ ਮੁਲਾਜ਼ਮ ਆਪਣੇ ਮਾਣ-ਸਨਮਾਨ ਲਈ ਇਸ ਤਰ੍ਹਾਂ ਇਕੱਠੇ ਹੋਏ ਹਨ | ਮੀਟਿੰਗ ਦੌਰਾਨ ਏ ਸੀ ਪੀ ਮਨਸਵੀ ਵਸ਼ਿਸ਼ਟ ਨੇ ਮੁੱਖ ਤੌਰ ‘ਤੇ ਤਿੰਨ ਮੰਗਾਂ ਰੱਖੀਆਂ | ਉਨ੍ਹਾ ਕਿਹਾ ਕਿ ਵਕੀਲਾਂ ਖਿਲਾਫ ਦਰਜ ਕੇਸ ਵਾਪਸ ਨਾ ਲਏ ਜਾਣ, ਕੇਸ ਵਿੱਚੋਂ ਬਾਰ ਕੌਂਸਲ ਦੇ ਮੈਂਬਰ ਦਾ ਨਾਂਅ ਨਾ ਹਟਾਇਆ ਜਾਵੇ ਅਤੇ ਪ੍ਰਦਰਸ਼ਨਕਾਰੀ ਪੁਲਸ ਮੁਲਾਜ਼ਮਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ | ਵਸ਼ਿਸ਼ਟ ਨੇ ਕਥਿਤ ਤੌਰ ‘ਤੇ ਕਿਹਾ ਕਿ ਜੇ ਵਿਭਾਗ ਨੇ ਮੁਅੱਤਲੀ ਜਾਂ ਕੋਈ ਸਖਤ ਕਾਰਵਾਈ ਕਰਨੀ ਹੈ ਤਾਂ ਉਹ ਸਿਰਫ ਉਨ੍ਹਾ (ਵਸ਼ਿਸ਼ਟ) ਖਿਲਾਫ ਕੀਤੀ ਜਾਵੇ |
ਪਹਿਲੇ ਦੌਰ ਦੀ ਗੱਲਬਾਤ ਬੇਨਤੀਜਾ ਰਹਿਣ ਕਾਰਨ ਪ੍ਰਦਰਸ਼ਨਕਾਰੀ ਆਡੀਟੋਰੀਅਮ ਤੋਂ ਬਾਹਰ ਆ ਗਏ | ਹਾਲਾਂਕਿ, ਬਾਅਦ ਵਿੱਚ ਦੂਜੇ ਦੌਰ ਦੀ ਚਰਚਾ ਸ਼ੁਰੂ ਹੋਣ ਦੀਆਂ ਖਬਰਾਂ ਵੀ ਮਿਲੀਆਂ | ਆਮ ਤੌਰ ‘ਤੇ ਬੇਹੱਦ ਅਨੁਸ਼ਾਸਤ ਮੰਨੀ ਜਾਣ ਵਾਲੀ ਦਿੱਲੀ ਪੁਲਸ ਦੇ ਮੁਲਾਜ਼ਮਾਂ ਦਾ ਗੁੱਸਾ ਇਸ ਕਦਰ ਵਧ ਚੁੱਕਾ ਹੈ ਕਿ ਉਹ ਉੱਚ ਅਧਿਕਾਰੀਆਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਦਿਸ ਰਹੇ |





