ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡਣ ਵਾਲੇ ਤਿੰਨ ਵਿਧਾਇਕਾਂ ਸਮਾਣਾ ਤੋਂ ਚੇਤਨ ਸਿੰਘ ਜੌੜਾਮਾਜਰਾ, ਸਨੌਰ ਤੋਂ ਹਰਮੀਤ ਸਿੰਘ ਪਠਾਣਮਾਜਰਾ ਅਤੇ ਅੰਮਿ੍ਤਸਰ ਉਤਰੀ ਤੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਸੋਮਵਾਰ ਭਾਜਪਾ ‘ਚ ਸ਼ਾਮਲ ਹੋ ਗਏ | ਇਨ੍ਹਾਂ ਨੂੰ ਭਾਜਪਾ ਦੇ ਪੰਜਾਬ ਇੰਚਾਰਜ ਸਤੀਸ਼ ਪੂਨੀਆ ਅਤੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ‘ਜੀ ਆਇਆਂ ਨੂੰ’ ਆਖਿਆ | ਪਠਾਣਮਾਜਰਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਵਾਰ ਨਾਲ ਕਾਫੀ ਨੇੜਤਾ ਸੀ | ਉਹ ਸਿਆਸੀ ਹਲਕਿਆਂ ‘ਚ ‘ਫੁੱਫੜ’ ਵਜੋਂ ਮਸ਼ਹੂਰ ਸਨ | ਪਠਾਣਮਾਜਰਾ ਨੇ 2022 ਵਿੱਚ ਸਨੌਰ ਸੀਟ 49,122 ਵੋਟਾਂ ਦੇ ਫਰਕ ਨਾਲ ਜਿੱਤੀ ਸੀ | ਪੰਜਾਬ ਪੁਲਸ ਨੇ ਸਤੰਬਰ 2025 ‘ਚ ਸਾਬਕਾ ਪਤਨੀ ਦੀ ਸ਼ਿਕਾਇਤ ‘ਤੇ ਪਠਾਣਮਾਜਰਾ ਖਿਲਾਫ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਸੀ | ਪੁਲਸ ਨੇ ਮਾਰਚ ਵਿੱਚ ਉਨ੍ਹਾ ਨੂੰ ਗਵਾਲੀਅਰ ਨੇੜਿਓਾ ਗਿ੍ਫਤਾਰ ਕੀਤਾ ਸੀ | ਮਗਰੋਂ ਉਨ੍ਹਾ ਨੂੰ ਹਾਈ ਕੋਰਟ ‘ਚੋਂ ਜ਼ਮਾਨਤ ਮਿਲ ਗਈ ਸੀ | ਪਠਾਣਮਾਜਰਾ ਵਿਰੁੱਧ ਪਟਿਆਲਾ ਜ਼ਿਲ੍ਹੇ ‘ਚ ਗੈਰ-ਕਾਨੂੰਨੀ ਖਣਨ ਦਾ ਵੀ ਕੇਸ ਦਰਜ ਹੈ | ਸਾਬਕਾ ਮੰਤਰੀ ਜੌੜਾਮਾਜਰਾ ਉਦੋਂ ਤੋਂ ਪਾਰਟੀ ਨਾਲ ਨਾਰਾਜ਼ ਸਨ, ਜਦੋਂ ਤੋਂ ਪਾਰਟੀ ਨੇ ਸਮਾਣਾ ਦੀ ਹਲਕਾ ਇੰਚਾਰਜੀ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਸੌਂਪੀ | ਉਨ੍ਹਾ 2022 ‘ਚ ਹਲਕਾ ਸਮਾਣਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ 39,713 ਵੋਟਾਂ ਦੇ ਫਰਕ ਨਾਲ ਹਰਾਇਆ ਸੀ | ਜੌੜਾਮਾਜਰਾ ਸਿਹਤ ਮੰਤਰੀ ਹੁੰਦਿਆਂ ਵਿਵਾਦਾਂ ‘ਚ ਘਿਰ ਗਏ ਸਨ, ਜਦੋਂ ਉਨ੍ਹਾਂ ਨੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਗੱਦਿਆਂ ਦੇ ਨਿਰੀਖਣ ਸਮੇਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਗੰਦੇ ਗੱਦੇ ‘ਤੇ ਲੇਟਣ ਲਈ ਕਿਹਾ ਸੀ |
ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੀਤੇ ਸਾਲ ਜੂਨ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਪੰਜ ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ | ਇਹ ਮੁਅੱਤਲੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ, ਜਿਨ੍ਹਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗਿ੍ਫਤਾਰ ਕੀਤਾ ਗਿਆ ਸੀ, ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਦੀ ਕਾਰਵਾਈ ‘ਤੇ ਸਵਾਲ ਚੁੱਕਣ ਤੋਂ ਬਾਅਦ ਹੋਈ ਸੀ | ਕੁੰਵਰ ਵਿਜੈ ਪ੍ਰਤਾਪ ਸਿੰਘ ਕਈ ਮੁੱਦਿਆਂ ‘ਤੇ ‘ਆਪ’ ਸਰਕਾਰ ਦੇ ਤਿੱਖੇ ਆਲੋਚਕ ਰਹੇ | ਉਨ੍ਹਾ ਇਸ ਤੋਂ ਪਹਿਲਾਂ ਫਰੀਦਕੋਟ ਵਿੱਚ 2015 ਦੇ ਬੇਅਦਬੀ ਅਤੇ ਪੁਲਸ ਗੋਲੀਬਾਰੀ ਦੀਆਂ ਘਟਨਾਵਾਂ ਦੇ ਮਾਮਲਿਆਂ ਨਾਲ ਨਜਿੱਠਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ | ਉਹ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਦਾ ਹਿੱਸਾ ਸਨ, ਜਿਸ ਨੇ 2015 ਦੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਸੀ | ਵਿਧਾਨ ਸਭਾ ‘ਚ ਉਨ੍ਹਾ 2015 ਦੇ ਬੇਅਦਬੀ ਦਾ ਮੁੱਦਾ ਕਈ ਵਾਰ ਚੁੱਕਿਆ | ਸਾਲ 2021 ਵਿੱਚ ਪੁਲਸ ਸੇਵਾ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਬਾਅਦ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਮਿ੍ਤਸਰ ਉੱਤਰੀ ਸੀਟ ਤੋਂ ਵਿਧਾਇਕ ਚੁਣੇ ਗਏ ਸਨ |





