ਜਲੰਧਰ (ਕੇਸਰ)
ਗ਼ਦਰੀ ਬਾਬਿਆਂ ਦੇ ਮੇਲੇ ਦੇ ਤੀਜੇ ਅਤੇ ਸਿਖ਼ਰਲੇ ਦਿਨ ਪਹਿਲੀ ਨਵੰਬਰ ਨੂੰ ਹਨੇਰੀ ਰਾਤ ਵਿੱਚ ਚਾਨਣ ਮੁਨਾਰਾ ਬਣੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਨੇ ਜਗਾਏ ਚੇਤਨਾ ਦੇ ਚਿਰਾਗ਼ | ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਬੇਹੱਦ ਪੇਚੀਦਾ ਅਤੇ ਤਿੱਖੜੀਆਂ ਚੁਣੌਤੀਆਂ ਨੂੰ ਵਿਗਿਆਨਕ ਅਤੇ ਲੋਕ-ਦੋਖੀ ਦਿ੍ਸ਼ਟੀ ਤੋਂ ਮੁਖ਼ਾਤਖ ਹੋਈਆਂ ਮੇਲੇ ‘ਚ ਪੇਸ਼ ਕਲਾ ਕਿਰਤਾਂ | ਇਸ ਰਾਤ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਦੇ ਸੰਬੋਧਨ ਨਾਲ ਹੋਇਆ | ਉਹਨਾ ਕਲਮ, ਕਲਾ, ਇਤਿਹਾਸ ਅਤੇ ਸਮਾਜ ਦੀ ਸਾਂਝੀ ਗਲਵੱਕੜੀ ‘ਤੇ ਜ਼ੋਰ ਦਿੱਤਾ |
ਇਸ ਰਾਤ ਗੁਰਸ਼ਰਨ ਸਿੰਘ ਦੀ ਰਚਨਾ ‘ਅਸੀਂ ਯੁੱਗ ਸਿਰਜਾਂਗੇ’ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਪੇਸ਼ ਹੋਈ | ਇਹ ਨਾਟਕ ਜ਼ਮੀਨ ਵਿਹੂਣੇ ਅਤੇ ਮਿਹਨਤਕਸ਼ ਕਿਸਾਨੀ ਦੇ ਆਪਸੀ ਸਮਾਜਕ ਰਿਸ਼ਤਿਆਂ ਵਿਚਲੇ ਵਿਰੋਧਾਭਾਸ ਅਤੇ ਸਾਂਝ ਦੇ ਰਿਸ਼ਤਿਆਂ ਉਪਰ ਸਫ਼ਲਤਾ ਨਾਲ ਆਪਣੀ ਗੱਲ ਕਰਦਿਆਂ ਚੜ੍ਹਦੀ ਜੁਆਨੀ ਨੂੰ ਨਵੇਂ ਮਾਰਗ ਸਿਰਜਣ ਦਾ ਸੁਨੇਹਾ ਦੇ ਗਿਆ | ਡਾ. ਸਵਰਾਜਬੀਰ ਦਾ ਲਿਖਿਆ, ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਮੰਚ ਰੰਗਮੰਚ ਅੰਮਿ੍ਤਸਰ ਦੇ ਕਲਾਕਾਰਾਂ ਨੇ ਨਾਟਕ ‘ਤੂੰ ਬੁੱਲ੍ਹੇ ਵਾਂਗੂੰ ਬੋਲ’ ਟਿਕੀ ਰਾਤ ਖਚਾਖਚ ਭਰਿਆ ਪੰਡਾਲ ਖੜ੍ਹਾ ਹੋ ਕੇ ਕਿੰਨੀ ਦੇਰ ਤਾੜੀਆਂ ਦੀ ਗੂੰਜ ਪਾਉਂਦਾ ਰਿਹਾ |
ਜਜ਼ਬਾਤੀ ਪਲਾਂ ਦੇ ਬਾਵਜੂਦ ਸੰਭਲਦੇ ਹੋਏ ਡਾ. ਸਵਰਾਜਬੀਰ ਅਤੇ ਕੇਵਲ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਰੰਗਮੰਚ ਨੂੰ ਮਿਲਦੀ ਮੁਹੱਬਤ ਸਾਨੂੰ ਲੋਕਾਂ ਸੰਗ ਇੱਕਮਿੱਕ ਹੋ ਕੇ ਕੰਮ ਕਰਨ ਦੀ ਨਵੀਂ-ਨਰੋਈ ਪ੍ਰੇਰਨਾ ਦਿੰਦੀ ਹੈ | ਨਾਟਕ, ਫ਼ਿਰਕੂ ਫਾਸ਼ੀ ਹੱਲੇ ਅਤੇ ਰਾਜਸੀ ਦਾਬੇ ਖ਼ਿਲਾਫ਼ ਜੱਦੋ-ਜਹਿਦ ਜਾਰੀ ਰੱਖਣ ਦਾ ਪੈਗ਼ਾਮ ਦੇ ਗਿਆ | ਸ਼ਬਦੀਸ਼ ਦੀ ਸਿਰਜਣਾ, ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ‘ਚ ਸੁਚੇਤਕ ਰੰਗਮੰਚ ਮੁਹਾਲੀ ਦੇ ਕਲਾਕਾਰਾਂ ਨੇ ‘ਖਿੜਦੇ ਰਹਿਣ ਗੁਲਾਬ’ ਨਾਟਕ ਰਾਹੀ ਗ਼ਦਰੀ ਗੁਲਾਬ ਕੌਰ ਦਾ ਸੁਨੇਹਾ ਦਿੱਤਾ | ਗੁਰਸ਼ਰਨ ਸਿੰਘ ਦਾ ਲਿਖਿਆ ਕਰਾਂਤੀਪਾਲ ਬਿਆਸ ਦੁਆਰਾ ਨਿਰਦੇਸ਼ਤ ਨਾਟਕ ‘ਸੀਸ ਤਲੀ ਤੇ’ ਜਿੱਥੇ ਸੌ ਵਰ੍ਹੇ ਪਹਿਲਾਂ ਦਾ ਇਤਿਹਾਸ ਦਰਸ਼ਕਾਂ ਦੇ ਰੂਬਰੂ ਕਰ ਗਿਆ, ਓਥੇ ਇਹ ਵੀ ਦਰਸਾ ਗਿਆ ਕਿ ਉਹਨਾਂ ਦੀ ਘਾਲਣਾ ਦੀ ਮਸ਼ਾਲ ਅੱਜ ਵੀ ਜਗ ਰਹੀ ਹੈ ਅਤੇ ਜੂਝਦੇ ਲੋਕ ਇਸ ਨੂੰ ਜਗਦੀ ਰੱਖਣਗੇ | ਇਸ ਰਾਤ ਦੇ ਸਿਖ਼ਰ ‘ਤੇ ਅਮੋਲਕ ਸਿੰਘ ਦਾ ਲਿਖਿਆ ਹਰਕੇਸ਼ ਚੌਧਰੀ ਦੁਆਰਾ ਨਿਰਦੇਸ਼ਤ ਸੰਗੀਤ ਨਾਟ ਓਪੇਰਾ ‘ਬਦਲ ਦਿਓ ਸਮਾਜ’ ਸੌ ਤੋਂ ਵੱਧ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ | ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਜੀਦਾ, ਲੋਕ ਸੰਗੀਤ ਮੰਡਲੀ ਭਦੌੜ, ਕੁਸ਼ਾਗਰ ਕਾਲੀਆ ਅੰਮਿ੍ਤਸਰ, ਸਾਰ੍ਹਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਅੰਮਿ੍ਤਪਾਲ ਬੰਗਾ, ਨਰਗਿਸ ਮਾਨਵਤਾ ਕਲਾ ਮੰਚ ਨਗਰ, ਧਰਮਿੰਦਰ ਮਸਾਣੀ, ਸ਼ਬਦੀਸ਼, ਗੁਰਮੁੱਖ ਲੋਕ ਪ੍ਰੇਮੀ ਫਗਵਾੜਾ, ਗੁਰਮੀਤ ਕੋਟ ਗੁਰੂ, ਮੌਸਮ, ਖ਼ੁਸ਼ਬੂ, ਦਿਸ਼ਾ, ਕੋਮਲ, ਇਪਟਾ ਦੇ ਕਲਾਕਾਰ ਭੰਡ ਅਵਤਾਰ ਚੜਿੱਕ ਅਤੇ ਸਾਥੀਆਂ ਨੇ ਲੋਕ-ਦੋਖੀ ਪ੍ਰਬੰਧ ‘ਤੇ ਤਿੱਖੇ ਵਿਅੰਗ ਕੱਸੇ |
2 ਨਵੰਬਰ ਸਰਘੀ ਵੇਲੇ ਲੋਕਾਂ ਦੇ ਜੱਥੇ ਅਤੇ ਪਰਵਾਰ ਵੱਡੀ ਗਿਣਤੀ ਵਿਚ ਕਿਤਾਬਾਂ ਲੈ ਕੇ ਗਏ | ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ |





