ਇਤਿਹਾਸਕ ਘਟਨਾਵਾਂ ਤੇ ਤਬਦੀਲੀਆਂ ਦੇ ਗਵਾਹ ਕੌਮੀ ਰਾਜਧਾਨੀ ਦੇ ਰਾਮਲੀਲ੍ਹਾ ਮੈਦਾਨ ਨੇ ਐਤਵਾਰ ਸੁਨੇਹਾ ਦਿੱਤਾ ਕਿ ਦੇਸ਼ ਵਾਸੀ ਵੋਟਰ ਸੂਚੀਆਂ ਦੀ ਡੂੰਘੀ ਸੁਧਾਈ (ਐੱਸ ਆਈ ਆਰ) ਰਾਹੀਂ 13 ਕਰੋੜ ਤੋਂ ਵੱਧ ਵੋਟਰਾਂ ਦੀਆਂ ‘ਉਂਗਲੀਆਂ ਵੱਢਣ’ ਲਈ ਜ਼ਿੰਮੇਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਗੁਪਤਾ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਾਂਭੇ ਕਰਨ ਲਈ ਜ਼ੋਰ ਲਾ ਦੇਣਗੇ | ਸਰਕਾਰੀ ਰੋਕਾਂ ਦੇ ਬਾਵਜੂਦ ਲੱਖਾਂ ਲੋਕਾਂ ਨੇ ਰਾਜਧਾਨੀ ਪਹੁੰਚ ਕੇ ਦਰਸਾਇਆ ਕਿ ਉਹ ‘ਵੋਟ ਚੋਰੀ’ ਤੋਂ ਕਿੰਨੇ ਗੁੱਸੇ ਵਿੱਚ ਹਨ | ਰੈਲੀ ਵਿੱਚ ਸਿਰਫ ਰਾਜਧਾਨੀ ਦੇ ਨਾਲ ਲੱਗਦੇ ਹਰਿਆਣਾ, ਪੰਜਾਬ, ਯੂ ਪੀ ਤੇ ਰਾਜਸਥਾਨ ਹੀ ਨਹੀਂ, ਬਿਹਾਰ, ਝਾਰਖੰਡ, ਤਿਲੰਗਾਨਾ, ਮਹਾਰਾਸ਼ਟਰ ਤੇ ਧੁਰ ਦੱਖਣ ਤੋਂ ਲੋਕ ਪੁੱਜੇ | ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਪਰੋਂਦਿਆਂ ਇੰਡੀਆ ਬਲਾਕ ਦੇ ਆਗੂਆਂ ਨੇ ਆਪਣੀਆਂ ਤਕਰੀਰਾਂ ਵਿੱਚ ਸਪੱਸ਼ਟ ਕੀਤਾ ਕਿ ਹੁਣ ਤਾਨਾਸ਼ਾਹੀ ਰੁਚੀਆਂ ਵਾਲੀ ਸਰਕਾਰ ਨੂੰ ਲਾਂਭੇ ਕਰਕੇ ਹੀ ਦਮ ਲਿਆ ਜਾਵੇਗਾ | ਤਕਰੀਰਾਂ ਦਾ ਨਿਚੋੜ ਸੀ : ਜੋ ਹੋਇਆ ਹੈ, ਉਹ ਕੋਈ ਆਮ ਚੋਰੀ ਨਹੀਂ ਹੈ…ਇਹ ਦੇਸ਼ਧ੍ਰੋਹ ਹੈ | ਗਿਆਨੇਸ਼ ਕੁਮਾਰ ਤੋਂ ਬਿਨਾਂ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਾ ਬਣਦੇ, ਨਾ ਹੀ ਅਮਿਤ ਸ਼ਾਹ ਗ੍ਰਹਿ ਮੰਤਰੀ ਬਣਦੇ | ਆਰ ਐੱਸ ਐੱਸ ਦਾ ਇਸ ਦੇਸ਼ ਦੇ ਹਰ ਅਦਾਰੇ ‘ਤੇ ਕਬਜ਼ਾ ਨਾ ਹੁੰਦਾ | ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣਾ ਦੇਸ਼ ਨੂੰ ਮੁੜ ਪਟੜੀ ‘ਤੇ ਲਿਆਉਣ ਵੱਲ ਪਹਿਲਾ ਕਦਮ ਹੋਵੇਗਾ | ਗਿਆਨੇਸ਼ ਜੇਲ੍ਹ ਜਾਵੇਗਾ, ਮੋਦੀ ਤੇ ਸ਼ਾਹ ਵੀ ਨਹੀਂ ਬਚ ਸਕਦੇ | ਵਿਰੋਧੀ ਧਿਰ ਜਵਾਬਦੇਹੀ ਅਤੇ ਨਿਆਂ ਯਕੀਨੀ ਬਣਾਉਣ ਲਈ ਆਪਣੀ ਲੜਾਈ ਜਾਰੀ ਰੱਖੇਗੀ |
ਰੈਲੀ ਵਿੱਚ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ਨੇ ਆਪਣੇ ਵਰਕਰਾਂ ਨੂੰ ਵੱਡੇ ਪੱਧਰ ‘ਤੇ ਲਾਮਬੰਦ ਕੀਤਾ | ਪਾਰਟੀ ਕਾਰਕੁਨ ਬੱਸਾਂ, ਟਰੱਕਾਂ, ਰੇਲ ਗੱਡੀਆਂ ਅਤੇ ਆਪਣੇ ਵਹੀਕਲਾਂ ‘ਤੇ ਕਾਂਗਰਸ, ਖੱਬੀਆਂ ਪਾਰਟੀਆਂ, ਸਮਾਜਵਾਦੀ ਪਾਰਟੀ, ਆਰ ਜੇ ਡੀ ਅਤੇ ਹੋਰ ਵੱਖ-ਵੱਖ ਪਾਰਟੀਆਂ ਦੇ ਝੰਡੇ ਲਹਿਰਾਉਂਦੇ ਹੋਏ ਪਹੁੰਚੇ | ਨੌਜਵਾਨਾਂ ਦੀ ਸ਼ਮੂਲੀਅਤ ਦੇਖਦਿਆਂ ਬਣਦੀ ਸੀ | ਇਸ ਤੋਂ ਵੀ ਵੱਡੀ ਗੱਲ ਇਹ ਰਹੀ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗ, ਜਿਨ੍ਹਾਂ ਦਾ ਕਿਸੇ ਪਾਰਟੀ ਨਾਲ ਰਿਸ਼ਤਾ ਨਹੀਂ ਸੀ, ਵੀ ਕਾਫੀ ਗਿਣਤੀ ‘ਚ ਪੁੱਜੇ | ਉਨ੍ਹਾਂ ਦੇ ਬੋਲ ਗਵਾਹੀ ਭਰਦੇ ਸਨ ਕਿ ਵਰਤਮਾਨ ਸਰਕਾਰ ਤੋਂ ਉਹ ਕਿੰਨੇ ਪ੍ਰੇਸ਼ਾਨ ਹਨ | ਅਯੁੱਧਿਆ ਦੇ ਸਾਧੂਆਂ ਦੇ ਇੱਕ ਸਮੂਹ ਦੇ ਇੱਕ ਮੈਂਬਰ ਨੇ ਕਿਹਾ : ਚੰਦਾ ਚੋਰੀ ਔਰ ਵੋਟ ਚੋਰੀ, ਸਬਕਾ ਹਿਸਾਬ ਹੋਗਾ | 40 ਸਾਲਾ ਅੰਕੁਰ ਨੇ ਇੱਕ ਕਾਲਾ ਅਤੇ ਸੁਨਹਿਰੀ ਤਾਜ ਪਹਿਨਿਆ ਹੋਇਆ ਸੀ, ਜਿਸ ਵਿੱਚੋਂ ਦੋ ਚਿੱਟੇ ਸਿੰਗ ਨਿਕਲੇ ਹੋਏ ਸਨ | ਉਹ ਆਪਣੇ ਆਪ ਨੂੰ ‘ਕਾਲ’ ਕਹਿੰਦਾ ਸੀ, ਜੋ ਦੇਸ਼ ਵਿੱਚ ਸਮੱਸਿਆਵਾਂ ਪੈਦਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਆਇਆ, ਜਿਸ ਵਿੱਚ ਵੋਟ ਚੋਰੀ ਵੀ ਸ਼ਾਮਲ ਹੈ | ਬਿਹਾਰ ਦੇ 93 ਸਾਲ ਦੇ ਧਨੁਸ਼ ਯਾਦਵ ਨੇ ਕਿਹਾ : ਮੈਂ ਬੁੱਢਾ ਹੋ ਗਿਆ ਹਾਂ, ਪਰ ਮੈਂ ਆਰਾਮ ਨਹੀਂ ਕਰਾਂਗਾ | ਮੈਂ ਸੰਵਿਧਾਨ ਨੂੰ ਬਚਾਉਣ ਆਇਆ ਹਾਂ | ਹਰਿਆਣਾ ਦੇ 72 ਸਾਲਾ ਕਿਸਾਨ ਬਨਵਾਰੀ ਲਾਲ ਨੇ ਕਿਹਾ ਕਿ ਉਨ੍ਹਾ ਨੂੰ ਵਿਤਕਰੇ ਵਿਰੁੱਧ ਆਵਾਜ਼ ਚੁੱਕਣ ਤੋਂ ਕੋਈ ਨਹੀਂ ਰੋਕ ਸਕਦਾ | ਵਾਰਾਨਸੀ ਦੀ 80 ਸਾਲਾ ਸੇਵਾਮੁਕਤ ਅਧਿਆਪਕਾ ਵਿਦਿਆ ਧਰ ਨੇ ਕਿਹਾ : ਉਮਰ ਸਿਰਫ ਇੱਕ ਗਿਣਤੀ ਹੈ | ਜਦੋਂ ਤੱਕ ਮੈਂ ਸਰਗਰਮ ਹਾਂ, ਮੈਂ ਆਪਣੀ ਆਵਾਜ਼ ਬੁਲੰਦ ਕਰਦੀ ਰਹਾਂਗੀ |
ਅੰਗਰੇਜ਼ਾਂ ਖਿਲਾਫ ਲੜਾਈ ਵਾਂਗ ਵੋਟ ਚੋਰਾਂ ਨੂੰ ਕਟਹਿਰੇ ਵਿੱਚ ਖੜ੍ਹੇ ਕਰਨ ਲਈ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੇ ਬੱਚੇ ਵੀ ਸੜਕਾਂ ‘ਤੇ ਉੱਤਰ ਆਏ ਹਨ ਤੇ ਉਹ ਦਿਨ ਦੂਰ ਨਹੀਂ, ਜਦੋਂ ਉਹ ਨਿਆਂਕਾਰੀ ਰਾਜ ਦੇ ਆਪਣੇ ਉਦੇਸ਼ ਨੂੰ ਹਾਸਲ ਕਰ ਲੈਣਗੇ |



