ਦੀਆ ਦੀ ਵੀਡੀਓ ਕਲਿੱਪ ਹਟਾਉਣ ‘ਤੇ ਹਾਈ ਕੋਰਟ ਗੁੱਸੇ

0
9

ਮੁੰਬਈ : ਬੰਬੇ ਹਾਈ ਹਾਈ ਕੋਰਟ ਨੇ ਮੰਗਲਵਾਰ ਕਿਹਾ ਕਿ ਬਿ੍ਹਨ ਮੁੰਬਈ ਨਗਰ ਨਿਗਮ (ਬੀ ਐੱਮ ਸੀ) ਵੱਲੋਂ ਵਾਤਾਵਰਣ-ਅਨੁਕੂਲ ਦੀਵਾਲੀ ਮੁਹਿੰਮ ਲਈ ਅਦਾਕਾਰਾ ਦੀਆ ਮਿਰਜ਼ਾ ਦੇ ਵੀਡੀਓ ਨੂੰ ਹਟਾਉਣਾ ਬਹੁਤ ਮੰਦਭਾਗਾ ਅਤੇ ਦੇਸ਼ ਦੀ ਧਰਮ ਨਿਰਪੱਖ ਭਾਵਨਾ ਦੇ ਉਲਟ ਹੈ |
ਜਸਟਿਸ ਜੀ ਐੱਸ ਕੁਲਕਰਨੀ ਅਤੇ ਜਸਟਿਸ ਡਾ. ਨੀਲਾ ਗੋਖਲੇ ਦੀ ਡਵੀਜ਼ਨ ਬੈਂਚ ਨੇ ਇਹ ਟਿੱਪਣੀ ਭਾਜਪਾ ਦੇ ਇੱਕ ਨੇਤਾ ਅਤੇ ਮੇਅਰ ਰਿਤੂ ਤਾਵੜੇ ਵੱਲੋਂ ਦੀਆ ਮਿਰਜ਼ਾ ਨੂੰ ਹਿੰਦੂ ਵਿਰੋਧੀ ਕਹਿਣ ਤੋਂ ਬਾਅਦ ਕੀਤੀ ਹੈ | ਮੇਅਰ ਦੇ ਬਿਆਨ ਤੋਂ ਬਾਅਦ ਨਗਰ ਨਿਗਮ ਨੇ ਸੋਸ਼ਲ ਮੀਡੀਆ ਤੋਂ ਅਦਾਕਾਰਾ ਦੀ ਕਲਿੱਪ ਨੂੰ ਚੋਣਵੇਂ ਤੌਰ ‘ਤੇ ਹਟਾ ਦਿੱਤਾ | ਬੈਂਚ ਨੇ ਕਿਹਾ, ‘ਸਾਨੂੰ ਬਹੁਤ ਦੁੱਖ ਹੈ, ਖਾਸ ਕਰਕੇ ਜਦੋਂ ਇਹ ਅਦਾਲਤ ਦੁਆਰਾ ਪਾਸ ਕੀਤੇ ਗਏ ਆਦੇਸ਼ ਨਾਲ ਸੰਬੰਧਤ ਹੈ | ਸਾਡੇ ਲਈ ਬਹੁਤ ਨਾਰਾਜ਼ਗੀ ਵਾਲੀ ਗੱਲ ਹੈ |’ ਦੀਵਾਲੀ ‘ਤੇ ਪ੍ਰਦੂਸ਼ਣ ਰੋਕਣ ਲਈ ਕੋਰਟ ਦੇ ਕਹਿਣ ‘ਤੇ ਦੀਆ ਮਿਰਜ਼ਾ ਤੇ ਹੋਰਨਾਂ ਕਲਾਕਾਰਾਂ ਤੇ ਖਿਡਾਰੀਆਂ ਦੇ ਵੀਡੀਓ ਬਣਾਏ ਗਏ ਸਨ, ਪਰ ਕੁਝ ਭਾਜਪਾ ਆਗੂਆਂ ਨੂੰ ਦੀਆ ਮਿਰਜ਼ਾ ਚੰਗੀ ਨਹੀਂ ਲੱਗੀ |
ਉਨ੍ਹਾਂ ਕਿਹਾ ਕਿ ਉਹ ਹਿੰਦੂ ਤੇ ਹਿੰਦੂਤਵ ਵਿਰੋਧੀ ਹੈ ਤੇ ਉਹ ਉਸ ਤੋਂ ਉਪਦੇਸ਼ ਨਹੀਂ ਲੈਣਗੇ | ਬੈਂਚ ਨੇ ਦੀਆ ਮਿਰਜ਼ਾ ਦੀ ਦੀਵਾਲੀ ਵੀਡੀਓ ਨੂੰ ਦੁਬਾਰਾ ਅਪਲੋਡ ਕਰਨ ਦਾ ਹੁਕਮ ਦਿੱਤਾ, ਜਿਸ ਵਿੱਚ ਉਸ ਨੇ ਲੋਕਾਂ ਨੂੰ ਹਰੇ ਪਟਾਕੇ ਸਾੜਨ ਤੇ ਜਨਤਕ ਸੜਕਾਂ ‘ਤੇ ਉਨ੍ਹਾਂ ਨੂੰ ਫੂਕਣ ਤੋਂ ਬਚਣ ਦੀ ਅਪੀਲ ਕੀਤੀ ਸੀ |