ਅੰਮਿ੍ਤਸਰ : ਐੱਨ ਐੱਸ ਯੂ ਆਈ ਦੇ ਪ੍ਰਧਾਨ ਅਕਸ਼ੈ ਕੁਮਾਰ ਵੱਲੋਂ ਗੈਂਗਸਟਰ ਗੋਲਡੀ ਬਰਾੜ ਰਾਹੀਂ ਧਮਕੀਆਂ ਦੇਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਪੰਜਾਬੀ ਫਿਲਮ ਅਦਾਕਾਰ ਕਰਤਾਰ ਚੀਮਾ ਨੂੰ ਸਿਵਲ ਲਾਈਨ ਪੁਲਸ ਨੇ ਸੋਮਵਾਰ ਹਿਰਾਸਤ ਵਿਚ ਲੈ ਲਿਆ | ਇਸ ਝਗੜੇ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ | ਥਾਣਾ ਸਿਵਲ ਲਾਈਨ ਦੇ ਐੱਸ ਐੱਚ ਓ ਅਮੋਲਕਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਅਕਸ਼ੈ ਕੁਮਾਰ ਨੇ ਦਾਅਵਾ ਕੀਤਾ ਕਿ ਉਸ ਨੇ ਕਰਤਾਰ ਚੀਮਾ ਨੂੰ 25 ਲੱਖ ਰੁਪਏ ਕਰਜ਼ੇ ‘ਤੇ ਦਿੱਤੇ ਸਨ, ਜੋ ਉਸ ਨੇ ਵਾਪਸ ਨਹੀਂ ਕੀਤੇ | ਉਸ ਨੇ ਦੋਸ਼ ਲਾਇਆ ਕਿ ਚੀਮਾ ਨੇ ਗੈਂਗਸਟਰ ਗੋਲਡੀ ਬਰਾੜ ਰਾਹੀਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਕਿ ਇਕ ਰੁਪਈਆ ਵੀ ਵਾਪਸ ਨਹੀਂ ਕੀਤਾ ਜਾਵੇਗਾ | ਅਕਸ਼ੈ ਕੁਮਾਰ ਨੇ ਦਾਅਵਾ ਕੀਤਾ ਕਿ ਜਦੋਂ ਉਹ ਮਾਲ ਰੋਡ ‘ਤੇ ਜਿਮ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਚੀਮਾ ਆਇਆ, ਜਿਸ ਨੇ ਉਸ ‘ਤੇ ਪਿਸਤੌਲ ਤਾਣ ਦਿੱਤਾ | ਉਸ ਨੇ ਪੁਲਸ ਨੂੰ ਮੌਕੇ ‘ਤੇ ਸੱਦਿਆ | ਇਸ ਤੋਂ ਬਾਅਦ ਪੁਲਸ ਨੇ ਕਰਤਾਰ ਚੀਮਾ ਨੂੰ ਫੜ ਲਿਆ |