ਮਲੋਟ (ਗੁਰਮੀਤ ਸਿੰਘ ਮੱਕੜ)
ਸ਼ਹਿਰ ਨੇੜਲੇ ਪਿੰਡ ਛਾਪਿਆਂਵਾਲੀ ਦੇ ਇੱਕ ਵਿਅਕਤੀ ਦੇ ਦੋ ਹਫ਼ਤੇ ਪਹਿਲਾਂ ਹੋਏ ਕਤਲ ਨੂੰ ਥਾਣਾ ਸਿਟੀ ਪੁਲਸ ਵੱਲੋਂ ਹਾਦਸੇ ਦਾ ਮਾਮਲਾ ਦਰਜ ਕੀਤੇ ਜਾਣ ਤੋਂ ਨਾਰਾਜ਼ ਮਿ੍ਤਕ ਦੇ ਪਰਵਾਰਕ ਮੈਂਬਰਾਂ ਵੱਲੋਂ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਮਲੋਟ ਤੋਂ ਸ੍ਰੀ ਗੰਗਾਨਗਰ ਜਾਣ ਵਾਲੀ ਸੜਕ ‘ਤੇ ਰੋਸ ਧਰਨਾ ਦਿੰਦੇ ਹੋਏ ਆਵਾਜਾਈ ਜਾਮ ਕੀਤੀ ਗਈ | ਰੋਸ ਧਰਨਾ ਦੇ ਰਹੇ ਮਿ੍ਤਕ ਦੇ ਭਰਾ ਮੰਗਤ ਰਾਮ ਅਤੇ ਪਿਤਾ ਪਿਰਥੀ ਰਾਮ ਵਾਸੀ ਛਾਪਿਆਂਵਾਲੀ ਨੇ ਕਿਹਾ ਕਿ ਮਿ੍ਤਕ ਵਿਜੈ ਕੁਮਾਰ ਦਾ ਕਿਸੇ ਵਿਅਕਤੀ ਵੱਲੋਂ 15 ਮਈ ਨੂੰ ਕਤਲ ਕਰ ਦਿੱਤਾ ਗਿਆ ਅਤੇ ਮਾਮਲੇ ਨੂੰ ਖੁਰਦ-ਬੁਰਦ ਕਰਨ ਲਈ ਲਾਸ਼ ਨਹਿਰ ਦੇ ਕੰਢੇ ਸੜਕ ‘ਤੇ ਸੁੱਟ ਦਿੱਤੀ ਗਈ | ਉਨ੍ਹਾਂ ਵਲੋਂ ਪੁਲਸ ਨੂੰ ਵਿਜੈ ਕੁਮਾਰ ਨੂੰ ਕਤਲ ਕੀਤੇ ਜਾਣ ਦੀ ਰਿਪੋਰਟ ਕਰਨ ਉਪਰੰਤ ਘਰ ਵਿਚ ਪਏ ਖੂਨ ਦੇ ਧੱਬੇ ਦਿਖਾਏ ਗਏ | ਪਰਵਾਰ ਵਾਲਿਆਂ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਥਾਣਾ ਸਿਟੀ ਪੁਲਸ ਵਲੋਂ ਅਣਗੌਲਿਆ ਕਰਕੇ ਹਾਦਸੇ ਦਾ ਨਾਂਅ ਦੇ ਕੇ ਮਾਮਲੇ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਨਸਾਫ ਲੈਣ ਲਈ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ |
ਪ੍ਰਦਰਸ਼ਨ ਕਰ ਰਹੇ ਮਿ੍ਤਕ ਦੇ ਪਰਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਉਪਰੰਤ ਮੌਕੇ ‘ਤੇ ਪਹੁੰਚੇ ਥਾਣਾ ਸਿਟੀ ਦੇ ਐੱਸ ਐੱਚ ਓ ਨੇ ਦੱਸਿਆ ਕਿ ਡੀ ਐੈੱਸ ਪੀ ਮਲੋਟ ਵੱਲੋਂ ਮਿ੍ਤਕ ਦੇ ਪਰਵਾਰਕ ਮੈਂਬਰਾਂ ਦੀ ਤਸੱਲੀ ਕਰਵਾਉਣ ਲਈ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਵਾਉਣ ਲਈ ਜਾਂਚ ਦਾ ਕੰਮ ਥਾਣਾ ਸਦਰ ਪੁਲਸ ਨੂੰ ਦੇ ਦਿੱਤਾ ਗਿਆ ਹੈ ¢ਉਕਤ ਮਾਮਲੇ ਦੀ ਜਾਂਚ ਦਾ ਕੰਮ ਥਾਣਾ ਸਿਟੀ ਪੁਲਸ ਦੀ ਥਾਂ ਥਾਣਾ ਸਦਰ ਨੂੰ ਦਿੱਤੇ ਜਾਣ ਦੇ ਫੈਸਲੇ ਨੂੰ ਦੇਖਦੇ ਹੋਏ ਮਿ੍ਤਕ ਦੇ ਪਰਵਾਰ ਵਾਲਿਆਂ ਵੱਲੋਂ ਕਰੀਬ ਤਿੰਨ ਘੰਟੇ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ¢