ਬੇਂਗਲੁਰੂ : ਇੱਥੇ ਸੋਮਵਾਰ ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਉਦੋਂ ਕਾਲੀ ਸਿਆਹੀ ਸੱੁਟ ਦਿੱਤੀ ਗਈ, ਜਦੋਂ ਉਹ ਤੇ ਦੂਜੇ ਆਗੂ ਯੁੱਧਵੀਰ ਸਿੰਘ ਇਕ ਖੇਤਰੀ ਚੈਨਲ ਦੇ ਕੀਤੇ ਗਏ ਸਟਿੰਗ ਅਪ੍ਰੇਸ਼ਨ ਦੇ ਵੀਡੀਓ ਬਾਰੇ ਦੱਸ ਰਹੇ ਸਨ | ਉਸ ਵਿਚ ਕਰਨਾਟਕ ਦੇ ਕਿਸਾਨ ਆਗੂ ਕੋਡੀਹੱਲੀ ਚੰਦਰਸ਼ੇਖਰ ਨੂੰ ਕਿਸਾਨ ਪ੍ਰੋਟੈੱਸਟ ਰੋਕਣ ਲਈ ਪੈਸੇ ਮੰਗਦੇ ਦਿਖਾਇਆ ਗਿਆ ਸੀ | ਟਿਕੈਤ ਅਤੇ ਯੁੱਧਵੀਰ ਪੱਤਰਕਾਰਾਂ ਨੂੰ ਸਪੱਸ਼ਟ ਕਰ ਰਹੇ ਸਨ ਕਿ ਉਹ ਇਸ ਮਾਮਲੇ ਵਿਚ ਸ਼ਾਮਲ ਨਹੀਂ ਹਨ ਅਤੇ ਕੋਡੀਹੱਲੀ ਚੰਦਰਸ਼ੇਖਰ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ | ਕਾਲੀ ਸਿਆਹੀ ਯੁੱਧਵੀਰ ‘ਤੇ ਵੀ ਡਿੱਗੀ | ਟਿਕੈਤ ਦੇ ਸਿਰ ‘ਤੇ ਸੱਟ ਵੀ ਲੱਗੀ | ਪ੍ਰੈੱਸ ਕਾਨਫਰੰਸ ਦੌਰਾਨ ਕੁਝ ਲੋਕਾਂ ਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ‘ਤੇ ਕਾਲੀ ਸਿਆਹੀ ਸੁੱਟ ਦਿੱਤੀ ਅਤੇ ਕੁਰਸੀਆਂ ਵੀ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ | ਟਿਕੈਤ ਸਮਰਥਕਾਂ ਨੇ ਸਿਆਹੀ ਸੁੱਟਣ ਵਾਲੇ ਨੂੰ ਕਾਬੂ ਕਰ ਲਿਆ | ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਕੁੱਟਮਾਰ ਕੀਤੀ | ਟਿਕੈਤ ਨੇ ਕਿਹਾ ਕਿ ਇਹ ਸਭ ਕੁਝ ਸੂਬਾ ਸਰਕਾਰ ਨੇ ਕਰਵਾਇਆ | ਹੰਗਾਮਾ ਕਰਨ ਵਾਲਿਆਂ ਨੂੰ ਪੁਲਸ ਦੀ ਸ਼ਹਿ ਸੀ | ਇਕ ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਪੁਲਸ ਨੂੰ ਸੁਰੱਖਿਆ ਬਾਰੇ ਕਿਹਾ ਸੀ ਪਰ ਪੁਲਸ ਨੇ ਕੁਝ ਨਹੀਂ ਕੀਤਾ | ਪੁਲਸ ਨੇ ਕਿਹਾ ਕਿ ਉਸ ਨੇ ਤਿੰਨ ਵਿਅਕਤੀ ਪੁੱਛਗਿਛ ਲਈ ਹਿਰਾਸਤ ‘ਚ ਲਏ ਹਨ |