ਫਿਰੋਜ਼ਪੁਰ : ਸਿੱਧੂ ਮੂਸੇਵਾਲਾ ‘ਤੇ ਹਮਲਾ ਕਰਨ ਲਈ ਗੈਂਗਸਟਰਾਂ ਨੇ ਜਿਹੜੀ ਸਕਾਰਪੀਓ ਦਾ ਰਜਿਸਟ੍ਰੇਸ਼ਨ ਨੰਬਰ ਵਰਤਿਆ, ਉਸ ਦੇ ਮਾਲਕ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਐੱਸ ਯੂ ਵੀ ਓ ਐੱਲ ਐੱਕਸ ਤੇ ਹੋਰ ਆਨਲਾਈਨ ਪੋਰਟਲ ‘ਤੇ ਵਿਕਰੀ ਲਈ ਪਾਈ ਸੀ | ਸ਼ਮਸ਼ੇਰ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਹਮਲਾਵਰਾਂ ਨੇ ਉਸ ਦੇ ਵਾਹਨ ਦੀਆਂ ਤਸਵੀਰਾਂ ਓ ਐੱਲ ਐੱਕਸ ਜਾਂ ਕਿਸੇ ਹੋਰ ਵਿਕਰੀ ਕਰਨ ਵਾਲੀਆਂ ਸਾਈਟਾਂ ‘ਤੇ ਦੇਖੀਆਂ ਹੋਣਗੀਆਂ, ਜਿਸ ਤੋਂ ਬਾਅਦ ਉਨ੍ਹਾਂ ਉਸ ਦਾ ਨੰਬਰ ਵਰਤਿਆ |
ਉਸ ਨੇ ਦੱਸਿਆ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਇਹ ਐਸ ਯੂ ਵੀ ਆਨਲਾਈਨ ਪੋਰਟਲ ਰਾਹੀਂ ਖਰੀਦੀ ਸੀ | ਇਸ ਗੱਡੀ ਦਾ ਪਹਿਲਾਂ ਦਿੱਲੀ ਦਾ ਰਜਿਸਟ੍ਰੇਸ਼ਨ ਨੰਬਰ (ਡੀ ਐੱਲ 4 ਸੀ ਐੱਨ ਬੀ 8483) ਸੀ, ਜੋ ਬਾਅਦ ਵਿਚ ਉਸ ਨੇ ਆਪਣੇ ਨਾਂਅ ‘ਤੇ ਟਰਾਂਸਫਰ ਕਰਵਾ ਲਿਆ ਅਤੇ ਨਵਾਂ ਰਜਿਸਟ੍ਰੇਸ਼ਨ ਨੰਬਰ ਇਸ ਸਾਲ 9 ਮਾਰਚ ਨੂੰ ਜਾਰੀ ਕੀਤਾ ਗਿਆ | ਉਸ ਨੇ ਦੱਸਿਆ ਕਿ ਹੁਣ ਉਸ ਦੀ ਗੱਡੀ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ ਲਾਈ ਗਈ ਹੈ | ਜਦੋਂ ਉਸ ਨੂੰ ਪਤਾ ਲੱਗਾ ਕਿ ਗੈਂਗਸਟਰਾਂ ਨੇ ਉਸ ਦੇ ਵਾਹਨ ਦੇ ਨੰਬਰ ਦੀ ਵਰਤੋਂ ਕੀਤੀ ਤਾਂ ਉਹ ਸਹਿਮ ਗਿਆ |