22.1 C
Jalandhar
Thursday, October 17, 2024
spot_img

ਮਾਨ ਦੀ ਰਾਜਪਾਲ ਨੂੰ ਹੱਥ ਜੋੜ ਕੇ ਬੇਨਤੀ

ਚੰਡੀਗੜ੍ਹ : ਡਾ. ਸਤਬੀਰ ਸਿੰਘ ਗੋਸਲ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਵਜੋਂ ਨਿਯੁਕਤੀ ਬਾਰੇ ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਰਾਜਪਾਲ ਵੱਲੋਂ ਡਾ. ਗੋਸਲ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਦੱਸਦਿਆਂ ਅਹੁਦੇ ਤੋਂ ਹਟਾਉਣ ਲਈ ਕਹਿਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਨਿਯੁਕਤੀ ਨੂੰ ਜਾਇਜ਼ ਠਹਿਰਾਉਂਦਿਆਂ ਰਾਜਪਾਲ ਨੂੰ ਪੱਤਰ ਲਿਖਿਆ ਹੈ। ਮਾਨ ਨੇ ਕਿਹਾ ਕਿ ਡਾ. ਸਤਬੀਰ ਸਿੰਘ ਗੋਸਲ ਦੀ ਨਿਯੁਕਤੀ ਪੰਜਾਬ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਐਕਟ 1970 ਅਨੁਸਾਰ ਕੀਤੀ ਗਈ ਹੈ। ਉਨ੍ਹਾ ਸਪੱਸ਼ਟ ਤੌਰ ’ਤੇ ਦੱਸਿਆ ਕਿ ਇਸ ਅਹੁਦੇ ’ਤੇ ਨਿਯੁਕਤੀ ਪੀ ਏ ਯੂ ਬੋਰਡ ਦਾ ਅਧਿਕਾਰ ਹੈ, ਇਸ ਲਈ ਮੁੱਖ ਮੰਤਰੀ ਜਾਂ ਰਾਜਪਾਲ ਦੀ ਕੋਈ ਭੂਮਿਕਾ ਨਹੀਂ ਹੈ।
ਮਾਨ ਨੇ ਪੱਤਰ ਵਿਚ ਕਿਹਾ ਹੈ : ਮੈਨੂੰ ਤੁਹਾਡਾ ਪੱਤਰ ਮਿਲਿਆ। ਤੁਸੀਂ ਲਿਖਿਆ ਹੈ ਕਿ ਪੀ ਏ ਯੂ ਦੇ ਵੀ ਸੀ ਦੀ ਨਿਯੁਕਤੀ ਗਲਤ ਤਰੀਕੇ ਨਾਲ ਕੀਤੀ ਗਈ ਹੈ, ਇਸ ਲਈ ਇਸ ਨੂੰ ਰੱਦ ਕੀਤਾ ਜਾਵੇ। ਤੁਸੀਂ ਲਿਖਿਆ ਹੈ ਕਿ ਨਿਯੁਕਤੀ ਤੁਹਾਡੀ ਮਨਜ਼ੂਰੀ ਨਾਲ ਹੋਣੀ ਚਾਹੀਦੀ ਸੀ। ਪੀ ਏ ਯੂ ਦੇ ਵੀ ਸੀ ਦੀ ਨਿਯੁਕਤੀ ਹਰਿਆਣਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀਜ਼ ਐਕਟ 1970 ਤਹਿਤ ਕੀਤੀ ਜਾਂਦੀ ਹੈ। ਵੀ ਸੀ ਦੀ ਨਿਯੁਕਤੀ ਪੀ ਏ ਯੂ ਦੇ ਬੋਰਡ ਵੱਲੋਂ ਕੀਤੀ ਜਾਂਦੀ ਹੈ। ਇਸ ਵਿਚ ਮੁੱਖ ਮੰਤਰੀ ਜਾਂ ਰਾਜਪਾਲ ਦੀ ਕੋਈ ਭੂਮਿਕਾ ਨਹੀਂ ਹੈ। ਇਸ ਤੋਂ ਪਹਿਲਾਂ ਪੀ ਏ ਯੂ ਦੇ ਵੀ ਸੀ ਡਾ. ਬਲਦੇਵ ਸਿੰਘ ਢਿੱਲੋਂ ਸਨ। ਉਨ੍ਹਾ ਦੀ ਨਿਯੁਕਤੀ ਦੀ ਮਨਜ਼ੂਰੀ ਰਾਜਪਾਲ ਤੋਂ ਨਹੀਂ ਲਈ ਗਈ ਸੀ। ਉਸ ਤੋਂ ਪਹਿਲਾਂ ਡਾ. ਐੱਮ ਐੱਸ ਕੰਗ ਵੀ ਸੀ ਸਨ, ਜਿਨ੍ਹਾ ਦੀ ਨਿਯੁਕਤੀ ਦੀ ਮਨਜ਼ੂਰੀ ਵੀ ਰਾਜਪਾਲ ਤੋਂ ਨਹੀਂ ਲਈ ਗਈ ਸੀ। ਕਿਸੇ ਵੀ ਪਿਛਲੇ ਵੀ ਸੀ ਦੀ ਨਿਯੁਕਤੀ ਦੀ ਮਨਜ਼ੂਰੀ ਰਾਜਪਾਲ ਤੋਂ ਨਹੀਂ ਲਈ ਗਈ । ਇਸ ਲਈ ਡਾ. ਸਤਬੀਰ ਸਿੰਘ ਗੋਸਲ ਨੂੰ ਵੀ ਕਾਨੂੰਨ ਅਨੁਸਾਰ ਨਿਯੁਕਤ ਕੀਤਾ ਗਿਆ ਹੈ, ਜਿਵੇਂ ਕਿ ਪਹਿਲਾਂ ਹੁੰਦਾ ਸੀ। ਡਾ. ਸਤਬੀਰ ਸਿੰਘ ਗੋਸਲ ਜੀ ਬਹੁਤ ਹੀ ਜਾਣੇ-ਪਛਾਣੇ ਵਿਗਿਆਨੀ ਹਨ ਅਤੇ ਉਹ ਬਹੁਤ ਹੀ ਸਤਿਕਾਰਤ ਪੰਜਾਬੀ ਸਿੱਖ ਹਨ। ਅਜਿਹੇ ਵਿਅਕਤੀ ਨੂੰ ਹਟਾਉਣ ਦੇ ਤੁਹਾਡੇ ਹੁਕਮਾਂ ’ਤੇ ਪੰਜਾਬੀਆਂ ’ਚ ਭਾਰੀ ਗੁੱਸਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀਆਂ ਵੱਲੋਂ ਭਾਰੀ ਬਹੁਮਤ ਨਾਲ ਚੁਣੀ ਗਈ ਸਰਕਾਰ ਦੇ ਕੰਮਾਂ ਵਿਚ ਤੁਹਾਡੇ ਵੱਲੋਂ ਵਾਰ-ਵਾਰ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਇਸ ਤੋਂ ਪੰਜਾਬ ਦੇ ਲੋਕ ਬਹੁਤ ਦੁਖੀ ਹਨ। ਪਹਿਲਾਂ ਤੁਸੀਂ ਪੰਜਾਬ ਵਿਧਾਨ ਸਭਾ ਦਾ ਅਜਲਾਸ ਬੁਲਾਉਣ ਵਿਚ ਰੁਕਾਵਟ ਪਾਈ। ਫਿਰ ਤੁਸੀਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਿਜ਼ ਦੇ ਵੀ ਸੀ ਦੀ ਨਿਯੁਕਤੀ ਰੱਦ ਕਰ ਦਿੱਤੀ ਅਤੇ ਹੁਣ ਤੁਸੀਂ ਪੀ ਏ ਯੂ ਦੇ ਵੀ ਸੀ ਦੀ ਨਿਯੁਕਤੀ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਲੋਕਾਂ ਨੇ ਬਹੁਤ ਆਸਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਮੈਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਦਿਨ-ਰਾਤ ਕੰਮ ਕਰ ਰਿਹਾ ਹਾਂ। ਅਜਿਹੇ ਵਿਚ ਜਦੋਂ ਕੋਈ ਵਿਅਕਤੀ ਲੋਕਾਂ ਦੀ ਸਰਕਾਰ ਵਿਚ ਰੁਕਾਵਟ ਪੈਦਾ ਕਰਦਾ ਹੈ ਤਾਂ ਲੋਕ ਬਰਦਾਸ਼ਤ ਨਹੀਂ ਕਰਦੇ। ਮੈਂ ਤੁਹਾਨੂੰ ਕਈ ਵਾਰ ਮਿਲਿਆ ਹਾਂ। ਮੈਨੂੰ ਤੁਸੀਂ ਬਹੁਤ ਵਧੀਆ ਅਤੇ ਨੇਕ ਵਿਅਕਤੀ ਲੱਗੇ। ਤੁਸੀਂ ਅਜਿਹੇ ਕੰਮ ਆਪਣੇ ਆਪ ਨਹੀਂ ਕਰ ਸਕਦੇ, ਤੁਹਾਨੂੰ ਇਹ ਸਭ ਗਲਤ ਅਤੇ ਗੈਰ-ਸੰਵਿਧਾਨਕ ਕੰਮ ਕਰਨ ਲਈ ਕੌਣ ਆਖਦਾ ਹੈ? ਤੁਸੀਂ ਉਨ੍ਹਾਂ ਦੀ ਗੱਲ ਕਿਉ ਮੰਨਦੇ ਹੋ? ਉਹ ਪਿੱਠ ਪਿੱਛੇ ਰਹਿੰਦੇ ਹਨ, ਬਦਨਾਮ ਤੁਸੀਂ ਹੁੰਦੇ ਹੋ। ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਉਨ੍ਹਾਂ ਲੋਕਾਂ ਦੀ ਗੱਲ ਨਾ ਸੁਣੋ। ਇਹ ਲੋਕ ਜੋ ਤੁਹਾਡੇ ਤੋਂ ਅਜਿਹੇ ਗਲਤ ਕੰਮ ਕਰਵਾ ਰਹੇ ਹਨ, ਸਪੱਸ਼ਟ ਹੈ ਕਿ ਇਹ ਪੰਜਾਬ ਦਾ ਭਲਾ ਨਹੀਂ ਚਾਹੁੰਦੇ। ਕਿਰਪਾ ਕਰਕੇ ਤੁਸੀਂ ਚੁਣੀ ਹੋਈ ਸਰਕਾਰ ਨੂੰ ਆਪਣਾ ਕੰਮ ਕਰਨ ਦਿਓ।

Related Articles

LEAVE A REPLY

Please enter your comment!
Please enter your name here

Latest Articles