ਹਾਈਕਮਾਨ ਕਲਚਰ ਕਾਰਨ ਲੀਡਰ ਆਮ ਤੌਰ ’ਤੇ ਆਪਣੇ ਸੁਪਰੀਮ ਲੀਡਰ ਦਾ ਗੁਣਗਾਨ ਕਰਨ ਤੋਂ ਇਲਾਵਾ ਜ਼ਮੀਰ ਦੀ ਆਵਾਜ਼ ਪ੍ਰਗਟਾਉਣ ਦੀ ਜੁਰਅਤ ਘੱਟ ਹੀ ਕਰਦੇ ਹਨ। ਤਾਂ ਵੀ, ਕੁਝ ਲੀਡਰ ਅਜਿਹੇ ਹੁੰਦੇ ਹਨ, ਜਿਹੜੇ ਅਜ਼ਾਦਾਨਾ ਰਾਇ ਜ਼ਾਹਰ ਕਰਨ ਤੋਂ ਝਿਜਕਦੇ ਨਹੀਂ। ਦੇਸ਼ ਵਿਚ ਧਰਮ ਤੇ ਸਿਆਸਤ ਦੇ ਮਿਸ਼ਰਣ ਦਾ ਜਿਹੜਾ ਵਰਤਾਰਾ ਚੱਲ ਰਿਹਾ ਹੈ, ਉਸ ਦਰਮਿਆਨ ਬਿਹਾਰ ਦੇ ਇਕ ਭਾਜਪਾ ਵਿਧਾਇਕ ਲੱਲਨ ਪਾਸਵਾਨ ਨੇ ਜਿਹੜਾ ਬਿਆਨ ਦਿੱਤਾ ਹੈ, ਉਹ ਬਹਿਸ-ਤਲਬ ਹੈ। ਭਾਗਲਪੁਰ ਜ਼ਿਲ੍ਹੇ ਦੇ ਪੀਰਪੈਂਤੀ ਅਸੰਬਲੀ ਹਲਕੇ ਤੋਂ ਵਿਧਾਇਕ ਪਾਸਵਾਨ ਨੇ ਦੀਵਾਲੀ ’ਤੇ ਦੇਵੀ ਲਕਸ਼ਮੀ ਦੀ ਪੂਜਾ ਕਰਨ ’ਤੇ ਸਵਾਲ ਉਠਾਉਦਿਆਂ ਕਿਹਾ ਹੈ ਕਿ ਜੇ ਸਾਨੂੰ ਸਿਰਫ ਦੇਵੀ ਲਕਸ਼ਮੀ ਦੀ ਪੂਜਾ ਕਰਨ ਨਾਲ ਧਨ ਮਿਲਦਾ ਹੈ ਤਾਂ ਮੁਸਲਮਾਨਾਂ ਵਿਚ ਅਰਬਪਤੀ ਤੇ ਖਰਬਪਤੀ ਨਹੀਂ ਹੋ ਸਕਦੇ ਸਨ। ਮੁਸਲਮਾਨ ਦੇਵੀ ਲਕਸ਼ਮੀ ਦੀ ਪੂਜਾ ਨਹੀਂ ਕਰਦੇ, ਕੀ ਉਹ ਅਮੀਰ ਨਹੀਂ ਹਨ? ਇਸੇ ਤਰ੍ਹਾਂ ਉਨ੍ਹਾ ਕਿਹਾਮੁਸਲਮਾਨ ਦੇਵੀ ਸਰਸਵਤੀ ਦੀ ਪੂਜਾ ਨਹੀਂ ਕਰਦੇ ਹਨ। ਕੀ ਮੁਸਲਮਾਨਾਂ ਵਿਚ ਕੋਈ ਵਿਦਵਾਨ ਨਹੀਂ ਹੈ? ਕੀ ਉਹ ਆਈ ਏ ਐੱਸ ਜਾਂ ਆਈ ਪੀ ਐੱਸ ਨਹੀਂ ਬਣਦੇ?
ਪਾਸਵਾਨ ਨੇ ਕਿਹਾ ਕਿ ਆਤਮਾ ਤੇ ਪਰਮਾਤਮਾ ਦੀ ਧਾਰਨਾ ਸਿਰਫ ਲੋਕਾਂ ਦੀ ਮਾਨਤਾ ਹੈ। ਜੇ ਤੁਸੀਂ ਮੰਨਦੇ ਹੋ ਤਾਂ ਦੇਵ ਹੈ, ਵਰਨਾ ਪੱਥਰ। ਇਹ ਸਾਡੇ ’ਤੇ ਹੈ ਕਿ ਅਸੀਂ ਦੇਵੀ-ਦੇਵਤਿਆਂ ਨੂੰ ਮੰਨਦੇ ਹਾਂ ਜਾਂ ਨਹੀਂ। ਸਹੀ ਨਤੀਜੇ ’ਤੇ ਪੁੱਜਣ ਲਈ ਸਾਨੂੰ ਵਿਗਿਆਨਕ ਆਧਾਰ ’ਤੇ ਸੋਚਣਾ ਪਵੇਗਾ। ਜੇ ਤੁਸੀਂ ਵਿਸ਼ਵਾਸ ਕਰਨਾ ਬੰਦ ਕਰਕੇ ਖੁਦ ਸੋਚੋ, ਤਾਂ ਹੀ ਤੁਹਾਡੀ ਬੌਧਿਕ ਸਮਰੱਥਾ ਵਿਚ ਵਾਧਾ ਹੋ ਸਕਦਾ ਹੈ।
ਪਾਸਵਾਨ ਨੇ ਅੱਗੇ ਕਿਹਾਅਜਿਹਾ ਮੰਨਿਆ ਜਾਂਦਾ ਹੈ ਕਿ ਬਜਰੰਗ ਬਲੀ ਸ਼ਕਤੀ ਵਾਲੇ ਦੇਵਤਾ ਹਨ ਅਤੇ ਸ਼ਕਤੀ ਪ੍ਰਦਾਨ ਕਰਦੇ ਹਨ। ਮੁਸਲਮ ਜਾਂ ਈਸਾਈ ਬਜਰੰਗ ਬਲੀ ਦੀ ਪੂਜਾ ਨਹੀਂ ਕਰਦੇ। ਕੀ ਉਹ ਸ਼ਕਤੀਸ਼ਾਲੀ ਨਹੀਂ ਹਨ? ਅਮਰੀਕਾ ਵਿਚ ਬਜਰੰਗ ਬਲੀ ਦਾ ਮੰਦਰ ਨਹੀਂ ਹੈ, ਤਾਂ ਕੀ ਉਹ ਮਹਾਂਸ਼ਕਤੀ ਨਹੀਂ ਹੈ?
ਪਾਸਵਾਨ ਨੇ ਆਪਣੀ ਗੱਲ ਇਥੇ ਮੁਕਾਈ ਕਿ ਜਿਵੇਂ-ਜਿਵੇਂ ਲੋਕਾਂ ਦੀ ਸੋਚ ਕੁਦਰਤੀ, ਵਿਗਿਆਨਕ ਤੇ ਸਮਾਜਕ ਹੋਵੇਗੀ, ਤਿਵੇਂ-ਤਿਵੇਂ ਇਹ ਸਾਰੀ ਬਿਮਾਰੀ ਖਤਮ ਹੁੰਦੀ ਜਾਵੇਗੀ। ਮਾਨਤਾਵਾਂ ਮੁਤਾਬਕ ਚੱਲਣ ਦੀ ਥਾਂ ਤਰਕ ਸ਼ਕਤੀ ਦੀ ਵਰਤੋਂ ਕਰਨ ਦੀ ਲੋੜ ਹੈ। ਬੇਸ਼ੱਕ ਪਾਸਵਾਨ ਇਕ ਧਰਮ ਦੀ ਬੜੋ੍ਹਤਰੀ ਸਾਬਤ ਕਰਨ ਵਿਚ ਲੱਗੀ ਹੋਈ ਪਾਰਟੀ ਦੇ ਵਿਧਾਇਕ ਹਨ, ਪਰ ਉਨ੍ਹਾ ‘ਪਾਰਟੀ ਲਾਈਨ’ ਦੇ ਉਲਟ ਬਿਆਨ ਦੇਣ ਦੀ ਹਿੰਮਤ ਦਿਖਾਈ ਹੈ।