ਭਿੱਖੀਵਿੰਡ : ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਜਥੇਬੰਦੀ ਏਟਕ ਵੱਲੋਂ ਪਿੰਡ ਮਾੜੀਮੇਘਾ, ਮਾੜੀ ਕੰਬੋਕੇ, ਅਲਗੋਂ, ਭਾਈ ਲੱਧੂ, ਕਲਸੀਆਂ ਤੇ ਭਗਵਾਨਪੁਰਾ ਵਿਖੇ ਨਰੇਗਾ ਕਾਮਿਆਂ ਦੀਆਂ ਮੀਟਿੰਗਾਂ ਰੁਜ਼ਗਾਰ ਪ੍ਰਾਪਤੀ ਲਈ ਕੀਤੀਆਂ ਗਈਆਂ | ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਬੜੀ ਹੈਰਾਨੀ ਹੈ ਕਿ ਇਸ ਵਾਰ ਨਰੇਗਾ ਕਾਮਿਆਂ ਨੂੰ ਅੱਠ ਦਿਨ ਵੀ ਕੰਮ ਨਹੀਂ ਮਿਲਿਆ ਅਤੇ ਕੰਮ ਤੋਂ ਜਵਾਬ ਦੇ ਦਿੱਤਾ ਗਿਆ | ਇੱਕ ਬੰਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਖਬਾਰਾਂ ਵਿਚ ਬਿਆਨ ਦਿੰਦੇ ਹਨ ਕਿ ਨਰੇਗਾ ਦਾ ਕੰਮ ਬਹੁਤ ਹੈ, ਪਰ ਕਿੱਥੇ ਹੈ, ਇਸ ਦਾ ਕੋਈ ਪਤਾ ਨਹੀਂ, ਕਿਉਂਕਿ ਦਫਤਰਾਂ ਵਿਚੋਂ ਬੜਾ ਢੁੱਕਵਾਂ ਜਵਾਬ ਮਿਲਦਾ ਹੈ ਕਿ ਕੋਈ ਵੀ ਨਰੇਗਾ ਕੰਮ ਨਹੀਂ ਹੈ | ਇੰਜ ਮਹਿਸੂਸ ਹੁੰਦਾ ਹੈ ਕਿ ਪੰਜਾਬ ਸਰਕਾਰ ਦੇ ਚਹੇਤਿਆਂ ਨੇ ਪਿੰਡਾਂ ਵਿੱਚੋਂ ਕੰਮ ਬੰਦ ਕਰਾ ਦਿੱਤਾ ਹੈ ਤੇ ਹੁਕਮ ਕਰ ਦਿੱਤਾ ਹੈ ਕਿ ਕਾਮਰੇਡਾਂ ਦੇ ਕਹਿਣ ‘ਤੇ ਕੰਮ ਨਾ ਦਿੱਤਾ ਜਾਵੇ | ਜੇ ਅਸੀਂ ਕਰਾਂਗੇ ਤਾਂ ਫਿਰ ਕੰਮ ਦੇਣਾ ਹੈ |
ਜਿਸ ਤਰ੍ਹਾਂ ਅਕਾਲੀ ਤੇ ਕਾਂਗਰਸ ਪਾਰਟੀ ਵਾਲੇ ਕਰਦੇ ਰਹੇ ਹਨ ਕਿ ਨਰੇਗਾ ਵਰਕਰ ਉਨ੍ਹਾਂ ਦੇ ਘਰਾਂ ਵਿੱਚ ਹੀ ਕੰਮ ਕਰਨ ਅਤੇ ਦਿਹਾੜੀ ਉਨ੍ਹਾਂ ਨੂੰ ਸਰਕਾਰ ਦੇਵੇ, ਇਸੇ ਤਰ੍ਹਾਂ ਹੁਣ ਆਪ ਵਾਲੇ ਚਾਹੁੰਦੇ ਹਨ | ਇਹੋ ਕੁਝ ਹੀ ਹੋ ਰਿਹਾ ਹੈ | ਇਹ ਹੈ ਘਪਲੇਬਾਜ਼ੀ, ਜਿਸ ਦੀ ਮਾਨ ਸਰਕਾਰ ਨੂੰ ਬਰੀਕੀ ਨਾਲ ਪੜਤਾਲ ਕਰਾਉਣ ਦੀ ਲੋੜ ਹੈ | ਇਸ ਪੜਤਾਲ ਨਾਲ ਕਰੋੜਾਂ ਰੁਪਇਆਂ ਦੇ ਘਪਲੇ ਨਿਕਲਣਗੇ ਤੇ ਇੱਥੋਂ ਤੱਕ ਹੋ ਸਕਦਾ ਹੈ ਕਿ ਕਈ ਡਿਪਟੀ ਕਮਿਸ਼ਨਰ ਵੀ ਇਸ ਪੜਤਾਲ ਵਿਚ ਫਸ ਜਾਣ | ਮੀਟਿੰਗਾਂ ਨੂੰ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਰਸ਼ਪਾਲ ਸਿੰਘ ਬਾਠ, ਟਹਿਲ ਸਿੰਘ ਲੱਧੂ ਤੇ ਪੂਰਨ ਸਿੰਘ ਮਾੜੀਮੇਘਾ ਨੇ ਵੀ ਸੰਬੋਧਨ ਕੀਤਾ |