ਮੋਗਾ (ਅਮਰਜੀਤ ਬੱਬਰੀ) -ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਵੱਲੋਂ ਆਪਣੇ ਮਹਿਬੂਬ ਆਗੂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 34ਵੀਂ ਬਰਸੀ ਬੱਸ ਸਟੈਂਡ ਮੋਗਾ ਵਿਖੇ ਮਨਾਈ ਗਈ, ਜਿਸ ਵਿੱਚ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੀ ਲੀਡਰਸ਼ਿਪ, ਵਰਕਰ, ਪੈਨਸ਼ਨਰਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੀ ਲੀਡਰਸ਼ਿਪ ਵਰਕਰ ਅਤੇ ਵੱਡੀ ਗਿਣਤੀ ਵਿੱਚ ਨਰੇਗਾ ਮਜ਼ਦੂਰ ਯੂਨੀਅਨ ਦੇ ਸਾਥੀ ਹਾਜ਼ਰ ਹੋਏ। ਇਸ ਬਰਸੀ ਸਮਾਗਮ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਕਾਮਰੇਡ ਵਿਦਿਆ ਸਾਗਰ ਗਿਰੀ, ਸਕੱਤਰ ਆਲ ਇੰਡੀਆ ਏਟਕ ਨੇ ਕਿਹਾ ਕਿ ਅੱਜ ਦੇਸ਼ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਦੀ ਆਰਥਿਕਤਾ ਦਿਨੋ-ਦਿਨ ਡਾਵਾਂਡੋਲ ਹੋ ਰਹੀ ਹੈ। ਅੱਤ ਦੀ ਮਹਿੰਗਾਈ ਨੇ ਆਮ ਲੋਕਾਂ ਦਾ ਜੀਣਾ ਮੁਸ਼ਕਲ ਕਰ ਰੱਖਿਆ ਹੈ। ਪਬਲਿਕ ਅਦਾਰਿਆਂ ਨੂੰ ਸਰਕਾਰਾਂ ਵੱਲੋਂ ਆਪਣੇ ਚਹੇਤਿਆਂ ਕਾਰਪੋਰੇਟ ਅਦਾਰਿਆਂ ਕੋਲ ਕੌਡੀਆਂ ਦੇ ਭਾਅ ਵੇਚ ਕੇ ਚੋਣਾਂ ਸਮੇਂ ਉਹਨਾ ਕੋਲੋਂ ਲਏ ਭਾਰੀ ਫੰਡਾਂ ਦਾ ਮੁੱਲ ਮੋੜਿਆ ਜਾ ਰਿਹਾ ਹੈ। ਦੇਸ਼ ਅੰਦਰ ਘੱਟਗਿਣਤੀਆਂ ਉਪਰ ਸੋਚੀ-ਸਮਝੀ ਸਾਜਿਸ਼ ਤਹਿਤ ਹਮਲੇ ਹੋ ਰਹੇ ਹਨ। ਜਾਤ-ਪਾਤ ਦੇ ਮੁੱਦੇ ਨੂੰ ਉਭਾਰ ਕੇ ਵੋਟਾਂ ਦਾ ਧਰੁਵੀਕਰਨ ਕੀਤਾ ਜਾ ਰਿਹਾ ਹੈ। ਲੋੜ ਹੈ ਵਿਸ਼ਾਲ ਏਕਾ ਸਿਰਜ ਕੇ ਇਹਨਾਂ ਲੋਕ ਦੋਖੀ ਤਾਕਤਾਂ ਖਿਲਾਫ ਇਕਜੁਟਤਾ ਨਾਲ ਸੰਘਰਸ਼ ਕਰਨ ਦੀ। ਇਹੀ ਸ਼ਹੀਦ ਨਛੱਤਰ ਧਾਲੀਵਾਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਅੱਜ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਬੰਤ ਸਿੰਘ ਬਰਾੜ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਭਰ ਵਿੱਚ ਸਾਡੇ ਰਹਿਬਰਾਂ ਨੇ ਲੰਮੇ ਸੰਘਰਸ਼ ਅਤੇ ਸ਼ਹਾਦਤਾਂ ਦੇ ਕੇ ਮਜ਼ਦੂਰਾਂ-ਮੁਲਾਜ਼ਮਾਂ ਦੇ ਭਲੇ ਲਈ ਕਾਨੂੰਨ ਬਣਵਾਏ ਸਨ, ਪਰ ਮੋਦੀ ਸਰਕਾਰ ਵੱਲੋਂ ਉਹਨਾਂ ਕਾਨੂੰਨਾਂ ਨੂੰ ਸੋਧਾਂ ਦੇ ਨਾਂਅ ’ਤੇ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਨਵੇਂ ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ, ਜੋ ਕਾਰਪੋਰੇਟਾਂ ਦੇ ਹੱਕ ਵਿੱਚ ਜਾਂਦੇ ਹਨ। ਪੰਜਾਬ ਵਿੱਚ ਨਵੀਂ ਬਣੀ ਸਰਕਾਰ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸਨ, ਪਰ ਪਿਛਲੇ ਛੇ-ਸੱਤ ਮਹੀਨਿਆਂ ਵਿੱਚ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਹੁਤ ਨਿਰਾਸ਼ ਕੀਤਾ। ਠੇਕੇ ਵਾਲੇ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਹਨ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ, ਮੁਲਾਜ਼ਮ ਅਤੇ ਪੈਨਸ਼ਨਰਾਂ ਦਾ ਬਣਦਾ ਡੀ.ਏ. ਤੇ ਪੇ-ਕਮਿਸ਼ਨ ਦੇ ਬਕਾਏ ਬਾਰੇ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਸਰਕਾਰ ਦੀ ਇਸ ਚੁੱਪ ਦਾ ਜਵਾਬ ਮੁਲਾਜ਼ਮ ਅਤੇ ਪੈਨਸ਼ਨਰ ਆਉਣ ਵਾਲੀਆਂ ਚੋਣਾਂ ਵਿੱਚ ਦੇਣਗੇ। ਅੱਜ ਦੇ ਬਰਸੀ ਸਮਾਗਮ ਸਮੇਂ ਕਾਮਰੇਡ ਜਗਰੂਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜਨੀਤਕ ਪਾਰਟੀਆਂ ਕੇਵਲ ਵੋਟਾਂ ਸਮੇਂ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਉਭਾਰਦੀਆਂ ਹਨ, ਪਰ ਸਰਕਾਰ ਬਣਦੇ ਨਾਲ ਹੀ ਇਹਨਾਂ ਅਹਿਮ ਮਸਲਿਆਂ ਨੂੰ ਠੰਢੇ ਬਸਤੇ ਪਾ ਦਿੱਤਾ ਜਾਂਦਾ ਹੈ। ਜਿਨ੍ਹਾਂ ਪਬਲਿਕ ਅਦਾਰਿਆਂ ਨੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਸੀ, ਉਹਨਾਂ ਨੂੰ ਬੰਦ ਕਰਕੇ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇ ਨਾਂਅ ਉਪਰ ਮੂਰਖ ਬਣਾ ਰਹੀ ਹੈ। ਕੰਮ ਦਿਹਾੜੀ ਸਮਾਂ 08 ਘੰਟੇ ਦੀ ਬਜਾਏ 12 ਘੰਟੇ ਕੀਤਾ ਜਾ ਰਿਹਾ ਹੈ, ਜਦੋਂਕਿ ਲੋੜ ਹੈ ਕੰਮ ਦਿਹਾੜੀ ਸਮਾਂ 6 ਘੰਟੇ ਕੀਤਾ ਜਾਵੇ ਤਾਂ ਜੋ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾ ਸਕੇ ਪਰ ਸਰਕਾਰਾਂ ਇਸੇ ਬੇਰੁਜ਼ਗਾਰੀ ਨੂੰ ਹੀ ਆਪਣੇ ਸੌੜੇ ਰਾਜਨੀਤਕ ਹਿੱਤਾਂ ਲਈ ਵਰਤ ਕੇ ਲੋਕਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੀਆਂ ਹਨ। ਇਸ ਸਮਾਗਮ ਵਿੱਚ ਜਥੇਬੰਦੀ ਦੇ ਸਰਪ੍ਰਸਤ ਕਾਮਰੇਡ ਗੁਰਦੀਪ ਮੋਤੀ, ਗੁਰਜੀਤ ਸਿੰਘ ਘੋੜੇਵਾਹ ਅਤੇ ਅਵਤਾਰ ਤਾਰੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਨਵੀਂ ਸਰਕਾਰ ਨੇ ਬਦਲਾਅ ਦੇ ਨਾਂਅ ’ਤੇ ਹੋਂਦ ਵਿੱਚ ਆਈ ਹੈ, ਪਰ ਇਸ ਸਰਕਾਰ ਦੇ ਆਉਣ ਤੋਂ ਬਾਅਦ ਟਰਾਂਸਪੋਰਟ ਮਹਿਕਮਾ ਹੋਰ ਨਿਘਾਰ ਵੱਲ ਜਾ ਰਿਹਾ ਹੈ। ਭਿ੍ਰਸ਼ਟਾਚਾਰ ਪਹਿਲਾਂ ਵਾਂਗ ਹੀ ਜਾਰੀ ਹੈ। ਪਿਛਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਟਾਈਮ ਟੇਬਲਾਂ ਵਿਚ ਜ਼ਰੂਰ ਕੁਝ ਸ਼ਲਾਘਾਯੋਗ ਕੰਮ ਕੀਤਾ ਗਿਆ ਸੀ, ਪਰ ਮੌਜੂਦਾ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ। ਡਿਪੂਆਂ ਵਿੱਚ ਬੱਸਾਂ ਤੇਲ, ਮਾਮੂਲੀ ਸਪੇਅਰ ਪਾਰਟ ਅਤੇ ਪਾਸਿੰਗ ਵੱਲੋਂ ਹੀ ਰੁਕੀਆਂ ਖੜੀਆਂ ਹਨ। ਟਰਾਂਸਪੋਰਟ ਮੰਤਰੀ ਵੱਲੋਂ ਇਸ ਸੰਬੰਧੀ ਕੋਈ ਸਾਰਥਿਕ ਉਪਰਾਲਾ ਹੁਣ ਤੱਕ ਨਜ਼ਰ ਨਹੀਂ ਆਇਆ। ਕੱਚੇ ਕਾਮਿਆਂ ਦੀਆਂ ਪਹਿਲਾਂ ਹੀ ਘੱਟ ਤਨਖਾਹਾਂ ਵੀ ਲੇਟ ਕੀਤੀਆਂ ਜਾ ਰਹੀਆਂ ਹਨ ਜੋ ਕਿ ਉਹਨਾਂ ਦੀ ਕਿਰਤ ਦੀ ਅੰਨ੍ਹੀ ਲੁੱਟ ਹੈ। ਇਸ ਬਰਸੀ ਸਮਾਗਮ ਵਿੱਚ ਹਰ ਸਾਲ ਦੀ ਤਰ੍ਹਾਂ ਧਾਲੀਵਾਲ ਯਾਦਗਾਰੀ ਡਾਇਰੀ 2023 ਜਾਰੀ ਕੀਤੀ ਗਈ। ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਵੱਲੋਂ ਅਵਤਾਰ ਚੜਿੱਕ, ਜਸ ਰਿਆਜ਼, ਰਮਨ ਗਿੱਲ, ਜਿੰਦਰ ਚੜਿੱਕ, ਰਣਬੀਰ ਰਾਣਾ, ਜਗਰਾਜ ਮਨਾਵਾਂ ਦੀ ਅਗਵਾਈ ਨਾਟਕ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਲ਼ੰਗਰ ਅਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ। ਸਟੇਜ ਦੀ ਕਾਰਵਾਈ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਵੱਲੋਂ ਨਿਭਾਈ ਗਈ।
ਬਰਸੀ ਸਮਾਗਮ ਨੂੰ ਸਾਥੀ ਵਿੱਕੀ ਮਹੇਸਰੀ, ਗੁਰਜੰਟ ਕੋਕਰੀ, ਕੁਲਦੀਪ ਭੋਲਾ, ਸੁਖਜਿੰਦਰ ਮਹੇਸਰੀ, ਗੁਰਚਰਨ ਕੌਰ ਆਂਗਣਵਾੜੀ ਵਰਕਰ ਯੂਨੀਅਨ, ਜਗਸੀਰ ਖੋਸਾ ਟਰੇਡ ਯੂਨੀਅਨ, ਗੁਰਮੀਤ ਸਿੰਘ ਧਾਲੀਵਾਲ, ਨਰਿੰਦਰ ਕੌਰ ਸੋਹਲ, ਜਗਜੀਤ ਸਿੰਘ ਧੂੜਕੋਟ, ਨਰਿੰਦਰ ਸੈਣੀ, ਬਲਕਾਰ ਵਲਟੋਹਾ, ਅਮਰੀਕ ਮਸੀਤਾਂ, ਪੋਹਲਾ ਸਿੰਘ ਬਰਾੜ, ਮਹਿੰਦਰ ਸਿੰਘ ਧੂੜਕੋਟ, ਸੁਰਿੰਦਰ ਸਿੰਘ, ਬਚਿੱਤਰ ਸਿੰਘ ਧੋਥੜ, ਅਸ਼ੋਕ ਕੌਸ਼ਲ, ਚਮਕੌਰ ਸਿੰਘ ਡਗਰੂ, ਜਗਪਾਲ ਸਿੰਘ, ਮਨਦੀਪ ਮੱਖੂ, ਜਗਰਾਜ ਬੁੱਟਰ, ਗੁਰਦੀਪ ਮੁੱਲਾਂਪੁਰ, ਮੱਖਣ ਸਿੰਘ, ਗੁਰਪ੍ਰੀਤ ਸਿੰਘ, ਐੱਸ. ਪੀ. ਸਿੰਘ, ਦਰਸ਼ਨ ਸਿੰਘ ਕਾਲਾ ਅਫਗਾਨਾ, ਅਮਰੀਕ ਸਿੰਘ ਮਸੀਤਾਂ, ਗੁਰਮੇਲ ਮੈਡਲੇ, ਅਵਤਾਰ ਸਿੰਘ ਗਗੜਾ, ਗੁਰਮੇਲ ਨਾਹਰ, ਦਰਸ਼ਨ ਸਿੰਘ ਮਿਸ਼ਰੀਵਾਲਾ ਸਮੇਤ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ।





