ਇਮਰਾਨ ਕਲੀਨ ਬੋਲਡ

0
243

ਇਸਲਾਮਾਬਾਦ : ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ 70 ਸਾਲਾ ਇਮਰਾਨ ਖਾਨ ਨੂੰ ਜਾਇਦਾਦ ਦੇ ਵੇਰਵੇ ਲੁਕਾਉਣ ਦੇ ਦੋਸ਼ਾਂ ਤਹਿਤ ਸ਼ੁੱਕਰਵਾਰ ਪੰਜ ਸਾਲ ਲਈ ਚੋਣ ਲੜਨ ਦੇ ਅਯੋਗ ਕਰਾਰ ਦੇ ਦਿੱਤਾ ਹੈ। ਸੱਤਾਧਾਰੀ ਗੱਠਜੋੜ ਸਰਕਾਰ ਦੇ ਸੰਸਦ ਮੈਂਬਰਾਂ ਨੇ ਖਾਨ ਖਿਲਾਫ ਅਗਸਤ ’ਚ ਪਾਕਿਸਤਾਨ ਦੇ ਚੋਣ ਕਮਿਸ਼ਨ ਕੋਲ ਕੇਸ ਦਾਇਰ ਕੀਤਾ ਸੀ। ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦੀ ਅਗਵਾਈ ਵਾਲੀ ਚਾਰ ਮੈਂਬਰੀ ਬੈਂਚ ਨੇ ਸਰਬਸੰਮਤੀ ਨਾਲ ਖਾਨ ਵਿਰੁੱਧ ਫੈਸਲਾ ਸੁਣਾਇਆ। ਇਸ ਫੈਸਲੇ ਨਾਲ ਇਮਰਾਨ ਪੰਜ ਸਾਲ ਚੋਣ ਨਹੀਂ ਲੜ ਸਕਦੇ ਤੇ ਉਨ੍ਹਾ ਦੀ ਵਰਤਮਾਨ ਸੰਸਦ ਮੈਂਬਰੀ ਵੀ ਖਤਮ ਹੋ ਗਈ ਹੈ।
ਦੋਸ਼ ਲਾਇਆ ਗਿਆ ਸੀ ਕਿ ਇਮਰਾਨ ਨੇ ਉਨ੍ਹਾਂ ਤੋਹਫਿਆਂ ਦੀ ਰਕਮ ਨਹੀਂ ਦੱਸੀ, ਜਿਹੜੇ ਉਸ ਨੇ ਤੋਸ਼ਾਖਾਨਾ ਤੋਂ ਡਿਸਕਾਉਟ ’ਤੇ ਖਰੀਦੇ ਸਨ। ਚੋਣ ਕਮਿਸ਼ਨ ਨੇ ਇਮਰਾਨ ਨੂੰ ਭਿ੍ਰਸ਼ਟ ਅਮਲ ਦਾ ਦੋਸ਼ੀ ਠਹਿਰਾਉਂਦਿਆਂ ਉਨ੍ਹਾ ਵਿਰੁੱਧ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਸਕੱਤਰ ਜਨਰਲ ਅਸਦ ਉਮਰ ਨੇ ਕਿਹਾ ਹੈ ਕਿ ਉਹ ਫੈਸਲੇ ਨੂੰ ਇਸਲਾਮਾਬਾਦ ਹਾਈ ਕੋਰਟ ਵਿਚ ਚੈਲੰਜ ਕਰਨਗੇ। ਪਾਰਟੀ ਦੇ ਇਕ ਹੋਰ ਆਗੂ ਫਵਾਦ ਚੌਧਰੀ ਨੇ ਫੈਸਲੇ ਨੂੰ ਰੱਦ ਕਰਦਿਆਂ ਪਾਰਟੀ ਵਰਕਰਾਂ ਨੇ ਪ੍ਰੋਟੈੱਸਟ ਕਰਨ ਦਾ ਸੱਦਾ ਦਿੱਤਾ ਹੈ।
2018 ਵਿਚ ਸੱਤਾ ਵਿਚ ਆਏ ਇਮਰਾਨ ਨੇ ਅਮੀਰ ਅਰਬ ਹਾਕਮਾਂ ਤੋਂ ਕੀਮਤੀ ਤੋਹਫੇ ਹਾਸਲ ਕੀਤੇ ਸਨ ਤੇ ਤੋਸ਼ਾਖਾਨਾ ਵਿਚ ਜਮ੍ਹਾਂ ਕਰਾਏ ਸਨ। ਬਾਅਦ ਵਿਚ ਉਨ੍ਹਾ ਸੰਬੰਧਤ ਕਾਨੂੰਨਾਂ ਮੁਤਾਬਕ ਕੁਝ ਤੋਹਫੇ ਡਿਸਕਾਉਟ ’ਤੇ ਖਰੀਦੇ ਅਤੇ ਭਾਰੀ ਮੁਨਾਫਾ ਕਮਾ ਕੇ ਅੱਗੇ ਵੇਚ ਦਿੱਤੇ। ਇਮਰਾਨ ਨੇ ਸੁਣਵਾਈ ਦੌਰਾਨ ਚੋਣ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾ ਤੋਹਫਿਆਂ ਲਈ 2 ਕਰੋੜ 15 ਲੱਖ ਰੁਪਏ ਅਦਾ ਕੀਤੇ ਤੇ ਲੱਗਭੱਗ 5 ਕਰੋੜ 80 ਲੱਖ ਰੁਪਏ ’ਚ ਵੇਚੇ। ਇਨ੍ਹਾਂ ਤੋਹਫਿਆਂ ਵਿਚ ਗਰਾਫ ਘੜੀ, ਕਫਲਿੰਕਸ ਦਾ ਜੋੜਾ, ਕੀਮਤੀ ਪੈੱਨ ਤੇ ਚਾਰ ਰੋਲੈਕਸ ਘੜੀਆਂ ਸਨ। ਵਿਰੋਧੀਆਂ ਮੁਤਾਬਕ ਇਮਰਾਨ ਨੇ ਵਿਕਰੀ ਤੋਂ ਕਮਾਏ ਪੈਸੇ ਇਨਕਮ ਰਿਟਰਨ ਵਿਚ ਸ਼ੋਅ ਨਹੀਂ ਕੀਤੇ।
ਪਾਕਿਸਤਾਨ ਵਿਚ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਹੋਰ ਉੱਚ ਅਹੁਦੇ ’ਤੇ ਬੈਠੇ ਲੋਕਾਂ ਨੂੰ ਮਿਲੇ ਤੋਹਫਿਆਂ ਦੀ ਜਾਣਕਾਰੀ ਕੌਮੀ ਆਰਕਾਈਵ ਨੂੰ ਦੇਣੀ ਹੁੰਦੀ ਹੈ। ਇਹ ਤੋਹਫੇ ਤੋਸ਼ਾਖਾਨਾ ਵਿਚ ਜਮ੍ਹਾਂ ਕਰਾਉਣੇ ਹੁੰਦੇ ਹਨ। ਜੇ ਤੋਹਫਾ 10 ਹਜ਼ਾਰ ਰੁਪਏ ਦਾ ਹੋਵੇ ਤਾਂ ਬਿਨਾਂ ਕੋਈ ਪੈਸਾ ਚੁਕਾਏ ਸੰਬੰਧਤ ਵਿਅਕਤੀ ਰੱਖ ਸਕਦਾ ਹੈ। 10 ਹਜ਼ਾਰ ਤੋਂ ਉਤਲੇ ਤੋਹਫੇ ਨੂੰ 20 ਫੀਸਦੀ ਕੀਮਤ ਦੇ ਕੇ ਕੋਲ ਰੱਖਿਆ ਜਾ ਸਕਦਾ ਹੈ। ਜੇ ਚਾਰ ਲੱਖ ਤੋਂ ਉਪਰ ਦਾ ਹੋਵੇ ਤਾਂ ਉਸ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਹੀ ਖਰੀਦ ਸਕਦੇ ਹਨ। ਜੇ ਕੋਈ ਨਹੀਂ ਖਰੀਦਦਾ ਤਾਂ ਨੀਲਾਮੀ ਹੁੰਦੀ ਹੈ।

 

LEAVE A REPLY

Please enter your comment!
Please enter your name here