ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਕਰੰਸੀ ਨੋਟਾਂ ‘ਤੇ ਮਾਤਾ ਲਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਪਵਾਉਣ ਦੀ ਅਪੀਲ ਕੀਤੀ | ਉਨ੍ਹਾ ਕਿਹਾ ਕਿ ਜੇ ਇਹ ਤਸਵੀਰਾਂ ਛਾਪੀਆਂ ਜਾਂਦੀਆਂ ਹਨ ਤਾਂ ਇਸ ਨਾਲ ਭਾਰਤ ਖੁਸ਼ਹਾਲ ਹੋਵੇਗਾ | ਪ੍ਰੈੱਸ ਕਾਨਫਰੰਸ ਵਿਚ ਉਨ੍ਹਾ ਕਿਹਾ ਕਿ ਦੀਵਾਲੀ ‘ਤੇ ਲਛਮੀ ਪੂਜਨ ਕਰਦਿਆਂ ਉਨ੍ਹਾ ਦੇ ਮਨ ਵਿਚ ਅਜਿਹੇ ਭਾਵ ਆਏ ਸਨ, ਜਿਨ੍ਹਾਂ ਨੂੰ ਉਹ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ | ਗਣੇਸ਼ ਜੀ ਨੂੰ ਵਿਘਨਹਰਤਾ ਮੰਨਿਆ ਜਾਂਦਾ ਹੈ | ਉਨ੍ਹਾ ਦਾ ਅਸ਼ੀਰਵਾਦ ਰਿਹਾ ਤਾਂ ਅਰਥਵਿਵਸਥਾ ਸੁਧਰ ਜਾਏਗੀ | ਉਨ੍ਹਾ ਸੁਝਾਅ ਦਿੱਤਾ ਕਿ ਨਵੇਂ ਕਰੰਸੀ ਨੋਟ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਦੇ ਨਾਲ ਮਾਤਾ ਲਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਪ੍ਰਕਾਸ਼ਤ ਹੋ ਸਕਦੀਆਂ ਹਨ | ਉਨ੍ਹਾ ਕਿਹਾ ਕਿ ਇੰਡੋਨੇਸ਼ੀਆ ਵਿਚ 20 ਹਜ਼ਾਰ ਦੇ ਨੋਟ ‘ਤੇ ਗਣੇਸ਼ ਜੀ ਦੀ ਫੋਟੋ ਹੈ |
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਹ ਉਹੀ ਸ਼ਖਸ ਹੈ, ਜਿਸ ਨੇ ਅਯੁੱਧਿਆ ਦੇ ਰਾਮ ਮੰਦਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸ ਦਾ ਕਾਰਨ ਦੱਸਿਆ ਸੀ ਕਿ ਭਗਵਾਨ ਉਥੇ ਕੀਤੀ ਗਈ ਪ੍ਰਾਰਥਨਾ ਨੂੰ ਸਵੀਕਾਰ ਨਹੀਂ ਕਰਨਗੇ |