‘ਮੇਲਾ ਗ਼ਦਰੀ ਬਾਬਿਆਂ ਦਾ’ ਜੋਸ਼ੋ-ਖਰੋਸ਼ ਨਾਲ ਸ਼ੁਰੂ

0
399

ਜਲੰਧਰ (ਕੇਸਰ)-ਆਜ਼ਾਦੀ ਸੰਗਰਾਮ ਦੇ ਅਮਰ ਸ਼ਹੀਦਾਂ, ਗ਼ਦਰੀ ਇਨਕਲਾਬੀਆਂ ਦੀਆਂ ਅਥਾਹ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਸ਼ਮ੍ਹਾ ਰੌਸ਼ਨ ਕਰਕੇ ਜੋਸ਼ੋ-ਖ਼ਰੋਸ਼ ਨਾਲ ਸ਼ੁਰੂ ਹੋਇਆ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ |
ਐਤਵਾਰ ਮੇਲੇ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਉਪਰ ਬੋਲੇ ਜਾ ਰਹੇ ਚੌਤਰਫ਼ੇ ਹੱਲਿਆਂ ਨੂੰ ਪਛਾੜਨ ਲਈ ਮੇਲਾ ਲੋਕਾਂ ‘ਚ ਸੂਝ-ਬੂਝ ਪੈਦਾ ਕਰਨ ਲਈ ਚੌਮੁਖੀਏ ਚਿਰਾਗ਼ ਦਾ ਕੰਮ ਕਰੇਗਾ | ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਸਾਡੇ ਪੁਰਿਖ਼ਆਂ ਦੇ ਇਤਿਹਾਸ ਨੂੰ ਸੰਭਾਲਣ, ਉਸ ਦੀ ਪ੍ਰਸੰਗਕਤਾ ਉਭਾਰਨ ਲਈ ਮੇਲਾ ਬਹੁਤ ਹੀ ਸਾਰਥਕ ਭੂਮਿਕਾ ਨਿਭਾ ਰਿਹਾ ਹੈ | ਮੇਲੇ ਨੂੰ ਮਿਲ ਰਹੇ ਸਹਿਯੋਗ ‘ਤੇ ਉਹਨਾ ਲੋਕਾਂ ਦਾ ਧੰਨਵਾਦ ਕੀਤਾ | ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਬਹੁਤ ਹੀ ਪੀੜ੍ਹ-ਪਰੁੰਨੇ ਮਨ ਨਾਲ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਅੱਜ ਉਦਘਾਟਨੀ ਸਮਾਗਮ ਦੀ ਸ਼ਮ੍ਹਾ ਰੌਸ਼ਨ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਰੰਗਕਰਮੀਆਂ, ਕਵੀਆਂ ਨੇ ਮਿਲ ਕੇ ਜਗਾਉਣੀ ਸੀ, ਪਰ ਅਜੇ ਤੱਕ ਵੀ ਲਹਿੰਦੇ ਪੰਜਾਬ ਦੀਆਂ ਨਾਟਕ ਮੰਡਲੀਆਂ ਅਤੇ ਕਵੀ ਬਾਬਾ ਨਜ਼ਮੀ ਦੇ ਵੀਜ਼ੇ ਸੰਬੰਧੀ ਕੁਝ ਵੀ ਨਾ ਦੱਸਣਾ ਬਹੁਤ ਹੀ ਦੁਖ਼ਦਾਇਕ ਹੈ |
ਪਹਿਲੇ ਦਿਨ ਹੀ ਚਿਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਗੁਰਦੀਸ਼ ਜਲੰਧਰ, ਰਵਿੰਦਰ ਰਵੀ ਲੁਧਿਆਣਾ, ਗੁਰਪ੍ਰੀਤ ਬਠਿੰਡਾ ਤੇ ਉਨ੍ਹਾ ਦੀ ਬੇਟੀ, ਅਮਿਤ ਜ਼ਰਫ਼, ਹਰਮੀਤ ਆਰਟਿਸਟ ਅੰਮਿ੍ਤਸਰ, ਇੰਦਰਜੀਤ ਜਲੰਧਰ, ਵਰੁਣ ਟੰਡਨ ਅਤੇ ਕੰਵਰਦੀਪ ਸਿੰਘ ਦੀਆਂ ਕਲਾਕ੍ਰਿਤਾਂ ਮੇਲੇ ‘ਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ |
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕੁਲਬੀਰ ਸਿੰਘ ਸੰਘੇੜਾ, ਮੰਗਤ ਰਾਮ ਪਾਸਲਾ, ਹਰਵਿੰਦਰ ਭੰਡਾਲ, ਪ੍ਰਗਟ ਸਿੰਘ ਜਾਮਾਰਾਏ, ਕ੍ਰਿਸ਼ਨਾ, ਪ੍ਰੋ. ਗੋਪਾਲ ਸਿੰਘ ਬੁੱਟਰ, ਹਰਮੇਸ਼ ਮਾਲੜੀ, ਪਿ੍ਥੀਪਾਲ ਸਿੰਘ ਮਾੜੀਮੇਘਾ, ਚਰੰਜੀ ਲਾਲ ਕੰਗਣੀਵਾਲ ਅਤੇ ਵਿਜੈ ਬੰਬੇਲੀ ਤੋਂ ਇਲਾਵਾ ਮੇਲੇ ਨਾਲ ਜੁੜੀਆਂ ਪ੍ਰਬੰਧਕ ਟੀਮਾਂ ਹਾਜ਼ਰ ਸਨ |
ਮੇਲੇ ਦੇ ਪਹਿਲੇ ਦਿਨ ਹੋਏ ਭਾਸ਼ਣ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਬਲਪ੍ਰੀਤ ਕੌਰ (ਲਾਇਲਪੁਰ ਖਾਲਸਾ ਕਾਲਜ ਜਲੰਧਰ), ਗੁਰਸਿਮਰਨ ਕੌਰ (ਐੱਮ ਡੀ ਦਇਆਨੰਦ ਮਾਡਲ ਸਕੂਲ ਨਕੋਦਰ) ਅਤੇ ਤਾਨੀਆ (ਗੌਰਮਿੰਟ ਕਾਲਜ, ਹੁਸ਼ਿਆਰਪੁਰ) ਨੇ ਪ੍ਰਾਪਤ ਕੀਤਾ |
ਗਾਇਨ ਮੁਕਾਬਲਾ (ਸੀਨੀਅਰ ਸੋਲੋ) ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਜੈਸਮੀਨ (ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ, ਕਾਲਾ ਸੰਘਿਆਂ), ਹਰਸ਼ (ਬਿਲਗਾ), ਜਸਕੀਤ (ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ) ਅਤੇ (ਸੀਨੀਅਰ ਸਮੂਹ ਗਾਇਨ) ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ, ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਕਾਲਾ ਸੰਘਿਆਂ,  ਐੱਸ ਡੀ ਦਇਆਨੰਦ ਮਾਡਲ ਸਕੂਲ ਨਕੋਦਰ ਨੇ ਪ੍ਰਾਪਤ ਕੀਤਾ |
ਗਾਇਨ ਮੁਕਾਬਲਾ (ਜੂਨੀਅਰ ਸੋਲੋ) ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਇੰਦਰਜੀਤ ਸਿੰਘ (ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ), ਭਵਨਦੀਪ (ਜਲੰਧਰ ਮਾਡਲ ਸਕੂਲ, ਜਲੰਧਰ) ਤੇ ਕੋਮਲ (ਦੇਵਰਾਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਜਲੰਧਰ) ਅਤੇ (ਜੂਨੀਅਰ ਸਮੂਹ) ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਸ਼ਿਵਾਂਗੀ ਅਤੇ ਸਾਥੀ (ਦੇਵਰਾਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਜਲੰਧਰ), ਜਸਮੀਨ ਅਤੇ ਸਾਥੀ (ਸੇਂਟ ਜੋਸਫ਼ ਕਾਨਵੈਂਟ ਸਕੂਲ ਜਲੰਧਰ) ਤੇ ਕਾਮੀਆਂ ਅਤੇ ਸਾਥੀ (ਜਲੰਧਰ ਮਾਡਲ ਸਕੂਲ ਜਲੰਧਰ) ਨੇ ਪ੍ਰਾਪਤ ਕੀਤਾ | ਸਮੂਹ ਜੇਤੂਆਂ ਨੂੰ ਇਨਾਮ, ਸਨਮਾਨ ਪੱਤਰ ਅਤੇ ਪੁਸਤਕਾਂ ਭੇਟ ਕਰਕੇ ਸਨਮਾਨਤ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਸਮੂਹ ਪ੍ਰਤੀਯੋਗੀਆਂ ਨੂੰ ਸਨਮਾਨ-ਪੱਤਰ ਦਿੱਤੇ ਗਏ |
ਮੇਲੇ ‘ਚ ਸਾਰਾ ਦਿਨ ਖਿੱਚ-ਭਰਪੂਰ ਚਹਿਲ-ਪਹਿਲ ਬਣੀ ਰਹੀ | ਪਹਿਲੇ ਦਿਨ ਹੀ ਪੁਸਤਕ ਪ੍ਰਦਰਸ਼ਨੀ ਦੀ ਥਾਂ ਭਰ ਗਈ ਅਤੇ ਖੜ੍ਹੇ ਪੈਰ ਬਦਲਵੇਂ ਪ੍ਰਬੰਧ ਕਰਨੇ ਪਏ | ਸੋਮਵਾਰ ਪੇਂਟਿੰਗ, ਕੁਇਜ਼ ਮੁਕਾਬਲਾ, ਕਵੀ ਦਰਬਾਰ, ਫ਼ਿਲਮ ‘ਰੱਬਾ ਹੁਣ ਕੀ ਕਰੀਏ’ ਅਤੇ ਸੋਲੋ ਨਾਟਕ ‘ਜੂਠ’ ਹੋਏਗਾ |

LEAVE A REPLY

Please enter your comment!
Please enter your name here