ਕੇਜਰੀਵਾਲ ਦਾ ਭਾਜਪਾ ਦੀ ਨੀਤ ‘ਤੇ ਕਿੰਤੂ

0
292

ਭਾਵਨਗਰ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਂਝਾ ਸਿਵਲ ਕੋਡ (ਯੂ ਸੀ ਸੀ) ਨੂੰ ਲਾਗੂ ਕਰਨ ਲਈ ਗੁਜਰਾਤ ‘ਚ ਕਮੇਟੀ ਕਾਇਮ ਕਰਨ ਦੇ ਭਾਜਪਾ ਸਰਕਾਰ ਦੇ ਇਰਾਦਿਆਂ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇ ਪਾਰਟੀ ਅਜਿਹਾ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਪੂਰੇ ਦੇਸ਼ ‘ਚ ਲਾਗੂ ਕਰਨਾ ਚਾਹੀਦਾ ਹੈ | ਉਨ੍ਹਾ ਐਤਵਾਰ ਆਪਣੇ ਗੁਜਰਾਤ ਦੌਰੇ ਦੇ ਤੀਜੇ ਦਿਨ ਸਵਾਲ ਕੀਤਾ ਕਿ ਕੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਦਿਸ਼ਾ ‘ਚ ਕਦਮ ਚੁੱਕਣ ਲਈ ਲੋਕ ਸਭਾ ਚੋਣਾਂ ਦੀ ਉਡੀਕ ਕਰ ਰਹੀ ਹੈ |
ਅਰਵਿੰਦ ਕੇਜਰੀਵਾਲ ਨਾਲ ਪਾਲੀਟਾਨਾ ਅਤੇ ਧੋਰਾਜੀ ਵਿਖੇ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਕੀਤਾ ਕਿ ਭਿ੍ਸ਼ਟ ਨੇਤਾਵਾਂ ਨੂੰ ਗੁਜਰਾਤ ਦੇ ਲੋਕਾਂ ਦਾ ਪੈਸਾ ਲੁੱਟਣ ਲਈ ਬਖਸ਼ਿਆ ਨਹੀਂ ਜਾਵੇਗਾ ਅਤੇ ਉਹ ਆਪਣੇ ਗੁਨਾਹਾਂ ਦੀ ਕੀਮਤ ਜ਼ਰੂਰ ਚੁਕਾਉਣਗੇ | ਦਸੰਬਰ ਵਿੱਚ ਵਿਧਾਨ ਸਭਾ ਚੋਣਾਂ ‘ਚ ‘ਆਪ’ ਦੀ ਸ਼ਾਨਦਾਰ ਬਹੁਮਤ ਨਾਲ ਸਰਕਾਰ ਬਣੇਗੀ |
ਉਹਨਾ ਕਿਹਾ ਕਿ ਕਾਂਗਰਸ ਅਤੇ ਭਾਜਪਾ ਆਗੂਆਂ ਨੇ ਦੇਸ਼ ਦਾ ਪੈਸਾ ਅੰਗਰੇਜ਼ਾਂ ਨਾਲੋਂ ਕਿਤੇ ਵੱਧ ਬੇਰਹਿਮੀ ਨਾਲ ਲੁੱਟਿਆ ਹੈ, ਪਰ ਹੁਣ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਕ੍ਰਾਂਤੀਕਾਰੀ ਅਗਵਾਈ ਵਿੱਚ ਵਿਕਾਸ, ਸਕੂਲ ਅਤੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦੇ ਕੇ ਬਦਲਾਅ ਲਿਆਏਗੀ |
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਸਿਆਸੀ ਤਬਦੀਲੀ ਦੇ ਕੰਢੇ ਖੜ੍ਹਾ ਹੈ ਅਤੇ ਲੋਕ ਰਵਾਇਤੀ ਕਾਂਗਰਸ ਅਤੇ ਭਾਜਪਾ ਤੋਂ ਅੱਕ ਚੁੱਕੇ ਹਨ | ਪਹਿਲਾਂ ਲੋਕਾਂ ਕੋਲ ਕੋਈ ਬਦਲ ਨਹੀਂ ਸੀ, ਪਰ ਹੁਣ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਇਮਾਨਦਾਰ ਆਮ ਆਦਮੀ ਪਾਰਟੀ ਹੈ | ਭਾਜਪਾ ‘ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਉਹ ਝੂਠੇ ਵਾਅਦੇ ਕਰਦੇ ਹਨ, ਪਰ ‘ਆਪ’ ਜੋ ਵੀ ਵਾਅਦੇ ਕਰਦੀ ਹੈ, ਉਹ ਪੂਰੇ ਕਰਦੀ ਹੈ | ਭਾਜਪਾ ਵਾਲਿਆਂ ਨੇ 15 ਲੱਖ ਵਰਗੇ ਜੁਮਲੇ ਅਤੇ ਹੋਰ ਚੋਣ ਵਾਅਦਿਆਂ ਨਾਲ ਲੋਕਾਂ ਨੂੰ ਮੂਰਖ ਬਣਾਇਆ | ‘ਆਪ’ ਨੇ ਸੱਤਾ ‘ਚ ਆਉਣ ਤੋਂ ਬਾਅਦ 7 ਮਹੀਨਿਆਂ ਦੇ ਅੰਦਰ ਪੰਜਾਬ ‘ਚ ਆਪਣੇ ਸਾਰੇ ਚੋਣ ਵਾਅਦਿਆਂ ਨੂੰ ਪੂਰਾ ਕਰ ਦਿੱਤਾ, ਜੋ ਪਿਛਲੀਆਂ ਸਰਕਾਰਾਂ 70 ਸਾਲਾਂ ‘ਚ ਪੂਰਾ ਕਰਨ ‘ਚ ਅਸਫਲ ਰਹੀਆਂ |
ਉਨ੍ਹਾ ਕਿਹਾ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ | ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਸਿਰਫ ਆਮ ਪਿਛੋਕੜ ਵਾਲੇ ਪੁੱਤਰ-ਧੀਆਂ ਹੀ ਜਾਣਗੇ | ਇਹ ‘ਆਪ’ ਨੂੰ ਦੂਜੀਆਂ ਪਾਰਟੀਆਂ ਨਾਲੋਂ ਵੱਖਰਾ ਬਣਾਉਂਦਾ ਹੈ, ਜਿੱਥੇ ਸਿਰਫ ਸਿਆਸਤਦਾਨਾਂ ਦੇ ਬੱਚੇ ਹੀ ਵਿਧਾਇਕ ਬਣਦੇ ਹਨ | ਪੰਜਾਬ ਦੀ ਤਰ੍ਹਾਂ, ਜਿੱਥੇ 92 ਵਿਧਾਇਕਾਂ ਵਿੱਚੋਂ 82 ਵਿਧਾਇਕ ਪਹਿਲੀ ਵਾਰ ਬਣੇ ਹਨ ਅਤੇ ਉਹ ਸਾਰੇ ਆਮ ਪਿਛੋਕੜ ਵਾਲੇ ਹਨ | ‘ਆਪ’ ਗੁਜਰਾਤ ਵਿੱਚ ਵੀ ਆਮ ਲੋਕਾਂ ਨੂੰ ਮੌਕਾ ਦੇਵੇਗੀ ਅਤੇ ਗੁਜਰਾਤ ਦੇ ਲੋਕ ਵੀ ਇਨ੍ਹਾਂ ਚੋਣਾਂ ਵਿੱਚ ਪੰਜਾਬ ਦਾ ਇਤਿਹਾਸ ਦੁਹਰਾਉਣਗੇ |

LEAVE A REPLY

Please enter your comment!
Please enter your name here