ਨਵੀਂ ਦਿੱਲੀ : ਗੁਜਰਾਤ ਦੇ ਵਿਕਾਸ ਮਾਡਲ ਦੇ ਘਾੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੋਕ ਪੁੱਛ ਰਹੇ ਹਨ ਕਿ ਮੋਰਬੀ ਪੁਲ ਦੀ ਤ੍ਰਾਸਦੀ ਰੱਬ ਦਾ ਭਾਣਾ ਹੈ ਜਾਂ ਘਪਲੇਬਾਜ਼ਾਂ ਦਾ ਭਾਣਾ (ਐਕਟ ਆਫ ਗੌਡ ਜਾਂ ਐਕਟ ਆਫ ਫਰੌਡ) | ਦਰਅਸਲ ਐਕਟ ਆਫ ਗੌਡ ਜਾਂ ਐਕਟ ਆਫ ਫਰੌਡ ਨੂੰ ਸਭ ਤੋਂ ਪਹਿਲਾਂ ਮੋਦੀ ਨੇ ਹੀ ਇਕ ਹਾਦਸੇ ਨੂੰ ਲੈ ਕੇ ਇਸਤੇਮਾਲ ਕੀਤਾ ਸੀ | 2016 ਦੀਆਂ ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ 31 ਮਾਰਚ 2016 ਨੂੰ ਕੋਲਕਾਤਾ ਵਿਚ ਵਿਵੇਕਾਨੰਦ ਰੋਡ ਫਲਾਈਓਵਰ ਡਿੱਗਣ ਨਾਲ 27 ਲੋਕ ਮਾਰੇ ਗਏ ਸਨ | ਮੁੱਖ ਮੰਤਰੀ ਮਮਤਾ ਬੈਨਰਜੀ ਸੀ | ਉਦੋਂ ਪ੍ਰਧਾਨ ਮੰਤਰੀ ਨੇ ਕਟਾਖਸ਼ ਕਰਦਿਆਂ ਕਿਹਾ ਸੀ—ਇਹ ਕਹਿੰਦੇ ਹਨ ਕਿ ਇਹ ਤਾਂ ਐਕਟ ਆਫ ਗੌਡ ਹੈ | ਦੀਦੀ, ਇਹ ਐਕਟ ਆਫ ਗੌਡ ਨਹੀਂ, ਇਹ ਤਾਂ ਐਕਟ ਆਫ ਫਰੌਡ ਹੈ, ਫਰੌਡ | ਇਹ ਐਕਟ ਆਫ ਫਰੌਡ ਦਾ ਨਤੀਜਾ ਹੈ | ਚੋਣਾਂ ਦੇ ਦਿਨਾਂ ਵਿਚ ਡਿੱਗਿਆ ਹੈ ਤਾਂ ਕਿ ਪਤਾ ਚੱਲੇ ਕਿ ਤੁਸੀ ਕਿਵੇਂ ਸਰਕਾਰ ਚਲਾਈ ਹੈ | ਇਸ ਲਈ ਰੱਬ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਅੱਜ ਇਹ ਪੁਲ ਟੁੱਟਾ ਹੈ, ਕੱਲ੍ਹ ਪੂਰੇ ਬੰਗਾਲ ਨੂੰ ਖਤਮ ਕਰ ਦੇਵੇਗੀ | ਇਸ ਨੂੰ ਬਚਾਓ, ਇਹ ਰੱਬ ਨੇ ਸੰਦੇਸ਼ ਭੇਜਿਆ ਹੈ |
ਲੋਕ ਹੁਣ ਮੋਦੀ ਨੂੰ ਉਨ੍ਹਾ ਦੀ ਇਹ ਟਿੱਪਣੀ ਚੇਤੇ ਕਰਾ ਰਹੇ ਹਨ | ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਟਵੀਟ ਕਰਕੇ ਪੁੱਛਿਆ ਹੈ—ਮੋਦੀ ਜੀ, ਮੋਰਬੀ ਪੁਲ ਹਾਦਸਾ ਐਕਟ ਆਫ ਗੌਡ ਹੈ ਜਾਂ ਐਕਟ ਆਫ ਫਰੌਡ?
ਤਿਲੰਗਾਨਾ ਰਾਸ਼ਟਰ ਸਮਿਤੀ ਦੇ ਸੋਸ਼ਲ ਮੀਡੀਆ ਕਨਵੀਨਰ ਵਾਈ ਐੱਸ ਆਰ ਨੇ ਲਿਖਿਆ ਹੈ—ਚੋਣਾਂ ਤੋਂ ਕੁਝ ਹੀ ਹਫਤੇ ਪਹਿਲਾਂ ਗੁਜਰਾਤ ਵਿਚ ਸਸਪੈਂਸ਼ਨ ਬਰਿੱਜ ਢਹਿ ਗਿਆ ਅਤੇ ਮੋਦੀ ਜੀ ਦਾ ਸਾਰਿਆਂ ਲਈ ਸੰਦੇਸ਼ ਹੈ—ਕਰਮ ਦਾ ਫਲ ਮਿਲਦਾ ਹੈ | ਰਿਟਾਇਰਡ ਆਈ ਏ ਐੱਸ ਸੂਰੀਆ ਪ੍ਰਤਾਪ ਸਿੰਘ ਨੇ ਟਵੀਟ ਕੀਤਾ ਹੈ—ਦੁਰਘਟਨਾ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ | ਇਹੀ ਗੱਲ ਤਾਂ 2016 ਦੀਆਂ ਬੰਗਾਲ ਚੋਣਾਂ ਦੌਰਾਨ ਇਕ ਪੁਲ ਟੁੱਟਣ ‘ਤੇ ਪੀ ਐੱਮ ਮੋਦੀ ਨੇ ਕਹੀ ਸੀ | ਸੁਣ ਤਾਂ ਲਓ, ਸ਼ਾਇਦ ਆਇਨਾ ਵੀ ਸ਼ਰਮਾ ਜਾਏ | ਪਰ ਉਪਦੇਸ਼ ਕੁਸ਼ਲ ਬਹੁਤੇਰੇ |
ਇਸੇ ਦੌਰਾਨ ਮੌਤ ਦੇ ਮੂੰਹ ਪਏ ਲੋਕਾਂ ਦੀ ਗਿਣਤੀ ਵਧ ਕੇ 141 ਹੋ ਗਈ ਹੈ | ਇਹ ਅੰਕੜਾ ਵਧਣ ਦੇ ਆਸਾਰ ਹਨ, ਕਿਉਂਕਿ ਗੋਤਾਖੋਰਾਂ ਦੀ ਮਦਦ ਨਾਲ ਨਦੀ ‘ਚੋਂ ਲਾਸ਼ਾਂ ਲੱਭਣ ਦੇ ਯਤਨ ਜਾਰੀ ਸਨ, ਜਦੋਂਕਿ ਹਸਪਤਾਲ ‘ਚ ਕਈਆਂ ਦੀ ਹਾਲਤ ਗੰਭੀਰ ਸੀ |
ਸਰਚ ਅਪਰੇਸ਼ਨ ਸ਼ਾਮੀਂ ਬੰਦ ਕਰ ਦਿੱਤਾ ਗਿਆ ਸੀ | ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਕਿ ਕਰੀਬ 100 ਲੋਕ ਗਾਰ ‘ਚ ਫਸੇ ਹੋ ਸਕਦੇ ਹਨ | ਹਾਦਸੇ ਮਗਰੋਂ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ‘ਚ ਸੋਮਵਾਰ ਕੱਢੇ ਜਾਣ ਵਾਲੇ ਆਪਣੇ ਰੋਡ ਸ਼ੋਅ ਨੂੰ ਰੱਦ ਕਰ ਦਿੱਤਾ | ਕਾਂਗਰਸ ਨੇ ਵੀ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਪੰਜ ਜ਼ੋਨਾਂ ਤੋਂ ਕੱਢੀ ਜਾਣ ਵਾਲੀ ਪਰਿਵਰਤਨ ਸੰਕਲਪ ਯਾਤਰਾ ਮੁਲਤਵੀ ਕਰ ਦਿੱਤੀ ਹੈ | ਹਾਦਸੇ ਮੌਕੇ ਪੁਲ ‘ਤੇ 400 ਤੋਂ ਵੱਧ ਲੋਕ ਮੌਜੂਦ ਸਨ, ਜਦੋਂਕਿ ਇਸ ਦੀ ਭਾਰ ਝੱਲਣ ਦੀ ਸਮਰੱਥਾ 100 ਤੋਂ 150 ਲੋਕਾਂ ਦੀ ਸੀ | ਪੁਲ ਨੂੰ ਮੁਰੰਮਤ ਲਈ ਸੱਤ ਮਹੀਨੇ ਬੰਦ ਰੱਖਣ ਮਗਰੋਂ ਚਾਰ ਦਿਨ ਪਹਿਲਾਂ 26 ਅਕਤੂਬਰ ਨੂੰ ਗੁਜਰਾਤੀ ਨਵੇਂ ਸਾਲ ਮੌਕੇ ਲੋਕਾਂ ਲਈ ਖੋਲਿ੍ਹਆ ਗਿਆ ਸੀ | ਹਾਲਾਂਕਿ ਸਥਾਨਕ ਮਿਉਂਸਿਪੈਲਿਟੀ ਨੇ ਮੁਰੰਮਤ ਦੇ ਕੰਮ ਲਈ ਕੋਈ ਫਿਟਨੈੱਸ ਸਰਟੀਫਿਕੇਟ ਜਾਰੀ ਨਹੀਂ ਕੀਤਾ ਸੀ |
ਮੋਦੀ, ਜਿਹੜੇ ਹਾਦਸੇ ਵਾਲੀ ਥਾਂ ਦਾ ਮੰਗਲਵਾਰ ਦੌਰਾ ਕਰਨਗੇ, ਨੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਤੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਨੂੰ ਸਮਰਪਤ ਕੇਵੜੀਆ ‘ਚ ਰੱਖੇ ‘ਰਾਸ਼ਟਰੀ ਏਕਤਾ ਦਿਵਸ’ ਸਮਾਗਮ ‘ਚ ਬੋਲਦਿਆਂ ਕਿਹਾ-ਮੈਂ ਏਕਤਾ ਨਗਰ ‘ਚ ਹਾਂ, ਪਰ ਮੇਰਾ ਮਨ ਮੋਰਬੀ ਦੇ ਪੀੜਤਾਂ ਨਾਲ ਹੈ | ਮੈਂ ਆਪਣੀ ਜ਼ਿੰਦਗੀ ‘ਚ ਅਜਿਹੀ ਪੀੜ ਪਹਿਲਾਂ ਮਹਿਸੂਸ ਨਹੀਂ ਕੀਤੀ | ਇਕ ਪਾਸੇ ਦਰਦ ਨਾਲ ਭਰਿਆ ਦਿਲ, ਅਤੇ ਦੂਜੇ ਪਾਸੇ ਫਰਜ਼ ਹੈ | ਕਾਂਗਰਸ ਨੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ | ਪਾਰਟੀ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ‘ਅਪਰਾਧਿਕ ਅਣਗਹਿਲੀ’ ਤੇ ‘ਕੁਸ਼ਾਸਨ’ ਦਾ ਕੇਸ ਲੱਗਦਾ ਹੈ | ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪੁਲ, ਜਿਸ ਨੂੰ ਖੁੱਲਿ੍ਹਆਂ ਅਜੇ ਪੰਜ ਦਿਨ ਹੋਏ ਸਨ, ਡਿੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾਣਾ ਚਾਹੀਦਾ ਹੈ | ਇੰਨੇ ਸਾਰੇ ਲੋਕਾਂ ਨੂੰ ਪੁਲ ‘ਤੇ ਚੜ੍ਹਨ ਦੀ ਇਜਾਜ਼ਤ ਕਿਉਂ ਦਿੱਤੀ ਗਈ | ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਜਾਂਚ ਹੋਣੀ ਚਾਹੀਦੀ ਹੈ | ਇਹ ਸਿਆਸਤ ਕਰਨ ਦਾ ਸਮਾਂ ਨਹੀਂ, ਪਰ ਸੰਬੰਧਤ ਲੋਕਾਂ ਦੀ ਜ਼ਿੰਮੇਵਾਰੀ ਨਿਰਧਾਰਤ ਕੀਤਾ ਜਾਣਾ ਵੀ ਜ਼ਰੂਰੀ ਤੇ ਅਹਿਮ ਹੈ | ਰਾਹੁਲ ਗਾਂਧੀ, ਪਾਰਟੀ ਦੇ ਹੋਰਨਾਂ ਆਗੂਆਂ ਤੇ ਵਰਕਰਾਂ ਨੇ ‘ਭਾਰਤ ਜੋੜੋ’ ਯਾਤਰਾ ਦੌਰਾਨ ਤਿਲੰਗਾਨਾ ਦੇ ਸ਼ਾਦਨਗਰ ‘ਚ ਮਿ੍ਤਕਾਂ ਦੀ ਯਾਦ ‘ਚ ਦੋ ਮਿੰਟ ਦਾ ਮੌਨ ਰੱਖਿਆ | ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਤੇ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਉੱਤੇ ਦੋਵਾਂ ਆਗੂਆਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ ਤੇ ਮਗਰੋਂ ਮੋਰਬੀ ਪੁਲ ਹਾਦਸੇ ਦੇ ਪੀੜਤਾਂ ਦੀ ਯਾਦ ‘ਚ ਦੋ ਮਿੰਟ ਦਾ ਮੌਨ ਰੱਖਿਆ |