ਗੁਜਰਾਤ ਦੇ ਮੋਰਬੀ ਵਿੱਚ ਮੱਛੂ ਨਦੀ ‘ਤੇ ਬਣਿਆ ਕੇਬਲ ਪੁਲ ਟੁੱਟ ਜਾਣ ਕਾਰਨ 150 ਦੇ ਕਰੀਬ ਮਨੁੱਖੀ ਜਾਨਾਂ ਚਲੀਆਂ ਗਈਆਂ ਹਨ | ਇਨ੍ਹਾਂ ਵਿੱਚ ਬਹੁਤੇ ਬੱਚੇ ਤੇ ਔਰਤਾਂ ਸ਼ਾਮਲ ਹਨ | ਇਹ ਉਹੋ ਹੀ ਗੁਜਰਾਤ ਹੈ, ਜਿਸ ਦੇ ਵਿਕਾਸ ਮਾਡਲ ਦੇ ਲੋਕਾਂ ਨੂੰ ਸੁਫ਼ਨੇ ਵਿਖਾ ਕੇ ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਬਟੋਰੀਆਂ ਸਨ | ਇਸ ਸਮੇਂ ਗੁਜਰਾਤ ਵਿੱਚ ਡਬਲ ਇੰਜਣ ਦੀ ਸਰਕਾਰ ਹੈ, ਜਿਸ ਵਿੱਚ ਭਿ੍ਸ਼ਟਾਚਾਰੀਆਂ ਦੀਆਂ ਪੌਂ ਬਾਰਾਂ ਹਨ | ਇਹ ਦੁਰਘਟਨਾ ਪੈਸਾ ਕਮਾਉਣ ਦੀ ਕਾਹਲੀ ਦਾ ਹੀ ਨਤੀਜਾ ਹੈ |
765 ਫੁੱਟ ਲੰਮਾ ਤੇ ਸਾਢੇ 4 ਫੁੱਟ ਚੌੜਾ ਇਹ ਪੁਲ 1857 ਵਿੱਚ ਬਣਾਇਆ ਗਿਆ ਸੀ | ਸਮੇਂ-ਸਮੇਂ ਉੱਤੇ ਇਸ ਦੀ ਮੁਰੰਮਤ ਹੁੰਦੀ ਰਹਿੰਦੀ ਸੀ | ਪਿਛਲੇ 6 ਮਹੀਨੇ ਤੋਂ ਇਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ | ਮੁਰੰਮਤ ਦਾ ਠੇਕਾ ਓਰੇਵਾ ਕੰਪਨੀ ਨੂੰ ਦਿੱਤਾ ਗਿਆ ਸੀ, ਜਿਸ ਦੇ ਮਾਲਕ ਜੈਸੁਖ ਪਟੇਲ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਨਾਲ ਨੇੜਤਾ ਕਿਸੇ ਤੋਂ ਲੁਕੀ ਹੋਈ ਨਹੀਂ | ਤਿੰਨ ਦਿਨ ਪਹਿਲਾਂ ਮੁਰੰਮਤ ਦਾ ਕੰਮ ਖ਼ਤਮ ਕਰ ਦਿੱਤਾ ਗਿਆ ਸੀ | ਇਸ ਦੇ ਨਾਲ ਹੀ ਪੁਲ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ, ਜਦੋਂ ਕਿ ਨਾ ਮੁਰੰਮਤ ਦੀ ਗੁਣਵੱਤਾ ਚੈੱਕ ਕੀਤੀ ਗਈ ਤੇ ਨਾ ਹੀ ਕੰਪਨੀ ਨੂੰ ਕੰਮ ਮੁਕੰਮਲ ਕਰ ਲੈਣ ਦਾ ਸਰਟੀਫਿਕੇਟ ਦਿੱਤਾ ਗਿਆ |
ਓਰੇਵਾ ਕੰਪਨੀ ਨਾਲ ਇਹ ਸਮਝੌਤਾ ਸੀ ਕਿ ਉਹ ਪੁਲ ਤੋਂ ਲੰਘਣ ਲਈ ਦਾਖ਼ਲਾ ਫੀਸ ਲਾ ਕੇ ਆਪਣੀ ਲਾਗਤ ਵਸੂਲ ਕਰੇਗੀ | ਇਸ ਦੀਵਾਲੀ ਦੀਆਂ ਛੁੱਟੀਆਂ ਵਿੱਚ ਪੈਸਾ ਕਮਾਉਣ ਦੇ ਲਾਲਚ ਵਿੱਚ ਬਿਨਾਂ ਮਾਹਰਾਂ ਦੀ ਪੜਤਾਲ ਦੇ ਪੁਲ ਖੋਲ੍ਹ ਦਿੱਤਾ ਗਿਆ | ਇਹੋ ਨਹੀਂ, ਲੋਕਾਂ ਦੀ ਭੀੜ ਹੱਦੋਂ ਨਾ ਵਧੇ, ਇਸ ਦੀ ਵੀ ਕੋਈ ਪ੍ਰਵਾਹ ਨਾ ਕੀਤੀ ਗਈ | ਸਿੱਟੇ ਵਜੋਂ ਸੈਂਕੜੇ ਕੀਮਤੀ ਜਾਨਾਂ ਭਿ੍ਸ਼ਟਾਚਾਰ ਤੇ ਲਾਲਚ ਦੀ ਭੇਟ ਚੜ੍ਹ ਗਈਆਂ |
ਗੁਜਰਾਤ ਵਿੱਚ ਪੁਲ ਟੁੱਟਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ | ਭਾਜਪਾ ਰਾਜ ਦੇ 27 ਸਾਲਾਂ ਦੌਰਾਨ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ | ਆਣੰਦ ਸ਼ਹਿਰ ਵਿੱਚ ਨਵੇਂ ਬਣੇ ਪੁਲ ਦਾ ਇੱਕ ਹਿੱਸਾ ਚਾਲੂ ਹੁੰਦਿਆਂ ਹੀ ਢਹਿ-ਢੇਰੀ ਹੋ ਗਿਆ ਸੀ | ਇਸੇ ਤਰ੍ਹਾਂ ਹੀ ਅਹਿਮਦਾਬਾਦ ਵਿੱਚ ਮੈਟਰੋ ਦੇ ਬਣ ਰਹੇ ਪੁਲ ਦਾ ਵੀ ਇੱਕ ਹਿੱਸਾ ਡਿਗ ਪਿਆ ਸੀ | ਭੁੱਜ ਦੇ ਨਜ਼ਦੀਕ ਭੁਜੋੜੀ ਪੁਲ, ਜੋ 12 ਸਾਲਾਂ ਵਿੱਚ ਬਣਿਆ ਸੀ, ਦੋ ਮਹੀਨੇ ਬਾਅਦ ਹੀ ਟੁੱਟਣਾ ਸ਼ੁਰੂ ਹੋ ਗਿਆ ਸੀ |
ਅਸਲ ਵਿੱਚ ਡਬਲ ਇੰਜਣ ਦੀ ਸਰਕਾਰ ਅਧੀਨ ਭਿ੍ਸ਼ਟਾਚਾਰੀਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ | ਇਹ ਭਿ੍ਸ਼ਟਾਚਾਰੀ ਮੰਤਰੀਆਂ ਦੀਆਂ ਸਭਾਵਾਂ ਦਾ ਖਰਚ ਚੁੱਕਦੇ ਹਨ, ਇਸ ਲਈ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ | ਸੜਕਾਂ, ਪੁਲਾਂ ਤੇ ਹੋਰ ਉਸਾਰੀਆਂ ਵਿੱਚ ਭਿ੍ਸ਼ਟਾਚਾਰੀਆਂ ਦਾ ਬੋਲਬਾਲਾ ਹੈ | ਇਸ ਘਟਨਾ ਵਿੱਚ ਕਿੰਨੇ ਲੋਕ ਮਰੇ ਹਨ, ਇਸ ਦੀ ਸਚਾਈ ਸ਼ਾਇਦ ਸਾਹਮਣੇ ਨਾ ਆ ਸਕੇ, ਕਿਉਂਕਿ ਸਰਕਾਰ ਅਜਿਹੀਆਂ ਘਟਨਾਵਾਂ ਉਤੇ ਪਰਦਾ ਪਾਉਣ ਵਿੱਚ ਮਾਹਰ ਹੈ | ਇਹ ਗੱਲ ਅਸੀਂ ਕੋਰੋਨਾ ਮਹਾਂਮਾਰੀ ਦੌਰਾਨ ਮਾਰੇ ਗਏ ਲੋਕਾਂ ਦੇ ਅੰਕੜਿਆਂ ਤੋਂ ਭਲੀਭਾਂਤ ਜਾਣਦੇ ਹਾਂ |
ਇਸ ਮਾਮਲੇ ਵਿੱਚ ਸੰਬੰਧਤ ਕੰਪਨੀ ਉੱਤੇ ਕੇਸ ਰਜਿਸਟਰਡ ਕਰਕੇ ਤੇ ਮਰਨ ਵਾਲਿਆਂ ਦੇ ਪਰਵਾਰਾਂ ਲਈ ਵਿੱਤੀ ਸਹਾਇਤਾ ਐਲਾਨ ਕੇ ਸਰਕਾਰ ਨੇ ਸੁਰਖਰੂ ਹੋਣ ਦਾ ਨਾਟਕ ਕਰ ਲਿਆ ਹੈ, ਪਰ ਸਵਾਲ ਪੈਦਾ ਹੁੰਦਾ ਹੈ ਕਿ ਪੁਲ ਨੂੰ ਖੋਲ੍ਹਣ ਦੀ ਇਜਾਜ਼ਤ ਕਿਸ ਨੇ ਦਿੱਤੀ, ਉਸ ਨੂੰ ਕਿਉਂ ਛੁਪਾਇਆ ਜਾ ਰਿਹਾ ਹੈ? ਉਹ ਕੋਈ ਅਧਿਕਾਰੀ ਸੀ ਜਾਂ ਫਿਰ ਕੋਈ ਮੰਤਰੀ-ਸੰਤਰੀ, ਉਸ ਦਾ ਚਿਹਰਾ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ | ਮੋਰਬੀ ਦੀ ਦੁਰਘਟਨਾ ਵਿੱਚ 400 ਤੋਂ 500 ਲੋਕਾਂ ਨੂੰ ਕੱਢਣ ਲਈ 5 ਜ਼ਿਲਿ੍ਹਆਂ ਦੀ ਫੋਰਸ, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ, ਸਟੇਟ ਡਿਜ਼ਾਸਟਰ ਮੈਨੇਜਮੈਂਟ ਫੋਰਸ, ਆਰਮੀ, ਨੇਵੀ ਤੇ ਇਥੋਂ ਤੱਕ ਕਿ ਏਅਰ ਫੋਰਸ ਤੱਕ ਬੁਲਾਉਣੀ ਪਈ ਸੀ | ਇਹ ਦੱਸਦਾ ਹੈ ਕਿ ਜਾਂ ਤਾਂ ਦੁਰਘਟਨਾ ਵਿੱਚ ਪ੍ਰਭਾਵਤ ਵਿਅਕਤੀਆਂ ਦੀ ਗਿਣਤੀ, ਦੱਸੀ ਜਾ ਰਹੀ ਤੋਂ ਕਿਤੇ ਵੱਧ ਹੋਵੇਗੀ ਤੇ ਜਾਂ ਇਹ ਗੁਜਰਾਤ ਮਾਡਲ ਦੇ ਵਿਕਾਸ ਦੀ ਅਸਲ ਹਕੀਕਤ ਹੈ |