ਜਲੰਧਰ (ਕੇਸਰ)-ਗ਼ਦਰੀ ਬਾਬਿਆਂ ਦੇ ਮੇਲੇ ਦੇ ਤੀਜੇ ਅਤੇ ਸਿਖਰਲੇ ਦਿਨ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਵੱਲੋਂ ‘ਜੀ ਆਇਆਂ’ ਸ਼ਬਦਾਂ ਨਾਲ ਹੋਇਆ | ਉਹਨਾ ਕਿਹਾ ਕਿ ਅੱਜ ਅਸੀਂ ਗ਼ਦਰ ਪਾਰਟੀ ਅਤੇ ਗ਼ਦਰ ਅਖ਼ਬਾਰ ਦੀ ਸਥਾਪਨਾ ਦੇ 109 ਵਰੇ੍ਹ ਬਾਅਦ ਵੀ ਗੁਲਾਮੀ, ਵਿਤਕਰੇ, ਅਨਿਆਂ ਅਤੇ ਜਬਰ-ਜ਼ੁਲਮ ਦੀ ਕਾਲੀ ਤੰਗ ਗਲੀ ਵਿੱਚ ਸਾਹ ਲੈ ਰਹੇ ਹਾਂ | ਇਸ ਹਨੇਰੇ ਨੂੰ ਚੀਰਨ ਲਈ ਚਾਨਣ ਦੀ ਲੀਕ ਦਾ ਕੰਮ ਕਰ ਰਿਹਾ ਹੈ, ਮੇਲਾ ਗ਼ਦਰੀ ਬਾਬਿਆਂ ਦਾ |
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਮੁਲਕ ਨੂੰ ਲੋਕ-ਦੋਖੀ ਤਾਕਤਾਂ ਨੇ ਨਿਘਾਰ ‘ਚ ਸੁੱਟ ਦਿੱਤਾ ਹੈ | ਇਸ ਵਿਚੋਂ ਕੱਢਣ ਲਈ ਆਪਣੀ ਬਣਦੀ ਭੂਮਿਕਾ ਅਦਾ ਕਰਨ ਲਈ ਯਤਨਸ਼ੀਲ ਹੈ ਮੇਲਾ ਗ਼ਦਰੀ ਬਾਬਿਆਂ ਦਾ | ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਭਾਰਤ ਪਿੰਡਾਂ ਦਾ ਦੇਸ਼ ਹੈ | ਜਦੋਂ ਹੁਣ ਪਿੰਡ ਉਜਾੜੇ ਜਾ ਰਹੇ ਹਨ | ਸਾਰੀ ਮੁਲਕ ਦੀ ਆਰਥਕਤਾ ਦੀ ਰੀੜ੍ਹ ਦੀ ਹੱਡੀ ਭੰਨਣ ਦਾ ਕੰਮ ਕੀਤਾ ਜਾ ਰਿਹਾ ਹੈ |
ਤਿੰਨ ਰੋਜ਼ਾ 31ਵੇਂ ਗ਼ਦਰੀ ਬਾਬਿਆਂ ਦੇ ਮੇਲੇ ‘ਚ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ ਨੇ ਕੀਤੀ | ਉਹਨਾ ਆਪਣੇ ਸੰਬੋਧਨ ‘ਚ ਕਿਹਾ ਕਿ ਆਜ਼ਾਦੀ ਦੀ ਜੱਦੋ-ਜਹਿਦ ਸਭ ਨੇ ਸਾਂਝੇ ਤੌਰ ‘ਤੇ ਲੜੀ, ਪਰ ਅੱਜ ਵੱਖ-ਵੱਖ ਧਰਮਾਂ, ਫ਼ਿਰਕੇਦਾਰਾਨਾ ਵੰਡੀਆਂ ‘ਚ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਤਾਂ ਪਹਿਲਾਂ ਨਾਲੋਂ ਵੀ ਵੱਧ ਸ਼ਿੱਦਤ ਨਾਲ ਇਹ ਲੋੜ ਬਣ ਗਈ ਹੈ ਕਿ ਅਸੀਂ ਲੁੱਟੇ-ਪੁੱਟੇ ਲੋਕ ਇਹਨਾਂ ਵਖਰੇਵਿਆਂ ਤੋਂ ਉਪਰ ਉੱਠ ਕੇ ਆਪਣੇ ਸਾਂਝੇ ਹਿੱਤਾਂ ਲਈ ਸਾਂਝੀ ਜੱਦੋ-ਜਹਿਦ ਹੋਰ ਵੀ ਵਿਸ਼ਾਲ ਅਤੇ ਪਰਚੰਡ ਕਰੀਏ |
ਅਮੋਲਕ ਸਿੰਘ ਦਾ ਲਿਖਿਆ ਤੇ ਸਤਪਾਲ ਬੰਗਾ ਪਟਿਆਲਾ ਦਾ ਨਿਰਦੇਸ਼ਤ ਕੀਤਾ 110 ਕਲਾਕਾਰਾਂ ਵੱਲੋਂ ਪੇਸ਼ ਸੰਗੀਤ-ਨਾਟ ਓਪੇਰਾ ਝੰਡੇ ਦਾ ਗੀਤ ‘ਗ਼ਦਰ ਦਾ ਪੈਗ਼ਾਮ: ਜਾਰੀ ਰੱਖਣਾ ਸੰਗਰਾਮ’ ਨੇ ਲੋਕਾਂ ਦੀਆਂ ਅੱਖੀਆਂ ‘ਚੋਂ ਭਰ ਵਗਦੇ ਦਰਿਆਵਾਂ ਅਤੇ ਰੋਹ ਦੀਆਂ ਝਲਕਾਂ ਸਿਰਜੀਆਂ | ਖਚਾਖਚ ਭਰਿਆ ਪੰਡਾਲ ਵਾਰ-ਵਾਰ ਤਾੜੀਆਂ ਅਤੇ ਨਾਅਰਿਆਂ ਨਾਲ ਝੰਡੇ ਦੇ ਗੀਤ ਦੀ ਪੇਸ਼ਕਾਰੀ ਨੂੰ ਸਲਾਮ ਕਰਦਾ ਰਿਹਾ | ਝੰਡੇ ਦੇ ਗੀਤ ਨੇ ਪੰਜਾਬ ਵੰਡ ਦੇ ਦੁਖ਼ਾਤ ਤੋਂ ਲੈ ਕੇ ਸਾਮਰਾਜੀ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ, ਬੁੱਧੀਜੀਵੀਆਂ ਦੀ ਰਿਹਾਈ, ਦਲਿਤਾਂ ‘ਤੇ ਜਬਰ, ਪੰਜਾਬ ਵਿੱਚ ਫ਼ਿਰਕੂ ਹਵਾਵਾਂ ਵਗਾਉਣ ਦੇ ਕੋਝੇ ਮਨਸ਼ਿਆਂ ਅਤੇ ਲੋਕਾਂ ਦੇ ਚੱਲ ਰਹੇ ਸੰਗਰਾਮਾਂ ਦੀ ਖ਼ੂਬਸੂਰਤੀ ਨਾਲ ਬਾਤ ਪਾਈ |
ਡਾ. ਨਵਸ਼ਰਨ ਨੇ ਬੋਲਦਿਆਂ ਕਿਹਾ ਕਿ ਧਨ ਕੁਬੇਰਾਂ ਨੇ ਮੁਲਕ ਦਾ ਸਭ ਕੁਝ ਹੂੰਝ ਲਿਆ | ਉਹਨਾ ਕਿਹਾ ਕਿ ਅਸੀਂ ਫਾਸ਼ੀਵਾਦ, ਕਾਰਪੋਰੋਟ ਖਿਲਾਫ਼ ਸੰਗਰਾਮ ਕਰਾਂਗੇ, ਤਾਂ ਜੋ ਕੁਦਰਤੀ ਸੋਮਿਆਂ, ਜੰਗਲ, ਜਲ, ਜ਼ਮੀਨ ਉਪਰ ਏਕਾਅਧਿਕਾਰ ਸਥਾਪਤ ਕਰਨ ਤੁਰੇ ਧਨ ਕੁਬੇਰਾਂ ਨੂੰ ਪਛਾੜਿਆ ਜਾ ਸਕੇ |
ਡਾ. ਰਾਜ ਰਤਨ ਅੰਬੇਡਕਰ ਨੇ ਕਿਹਾ ਕਿ ਜਦੋਂ ਹਾਕਮ ਪੌਣੀ ਸਦੀ ਬਾਅਦ ਵੀ ਆਜ਼ਾਦੀ ਦੇ ਅਖੌਤੀ ਅੰਮਿ੍ਤ ਉਤਸਵ ਦਾ ਖੇਖ਼ਣ ਕਰ ਰਹੇ ਹਨ, ਇਸ ਦਾ ਕੌੜਾ ਸੱਚ ਇਹ ਹੈ ਕਿ ਭਾਰਤ ਦੇ ਆਮ ਬੰਦੇ ਨੂੰ ਸਮਾਜਕ, ਆਰਥਕ ਅਤੇ ਸਿਆਸੀ ਨਿਆਂ ਨਹੀਂ ਮਿਲਿਆ | ਵੇਲਾ ਹੈ ਕਿ ਗ਼ਦਰੀ ਬਾਬਿਆਂ ਦੀ ਵਿਚਾਰਧਾਰਾ ਤਹਿਤ ਸਿਰ ਜੋੜ ਕੇ ਵੱਖ-ਵੱਖ ਚਿੰਤਨਸ਼ੀਲ ਸਮਾਜੀ ਸਰੋਕਾਰਾਂ ਨਾਲ ਜੁੜੇ ਲੋਕ-ਹਿੱਸੇ ਸਿਰ ਜੋੜ ਕੇ ਮਾਨਵਵਾਦੀ, ਲੋਕ-ਪੱਖੀ ਅਤੇ ਨਿਆਂਸੰਗਤ ਨਿਜ਼ਾਮ ਦੀ ਸਿਰਜਣਾ ਲਈ ਸਾਂਝੇ ਕਦਮ ਅੱਗੇ ਵਧਾਉਣ | ਉਹਨਾ ਕਿਹਾ ਕਿ ਮੋਦੀ ਹਕੂਮਤ ਦੀ ਵਿਚਾਰਧਾਰਕ ਸੰਸਥਾ ਆਰ ਐੱਸ ਐੱਸ ਨੂੰ ਲੋਕ ਤਾਕਤ ਨਾਲ ਲੱਕ ਤੋੜਵੀਂ ਹਾਰ ਦੇਣ ਦੀ ਲੋੜ ਹੈ |
ਨਾਮਧਾਰੀ ਦਰਬਾਰ ਭੈਣੀ ਸਾਹਿਬ ਤੋਂ ਕਮਾਲ ਸਿੰਘ ਦੀ ਅਗਵਾਈ ‘ਚ ਆਏ ਜਥੇ ਨੇ ਇਨਕਲਾਬੀ ਗੀਤਾਂ ‘ਚ ਪਰੋਇਆ ‘ਹੱਲਾ’ ਪੇਸ਼ ਕੀਤਾ | ਹੱਲਾ ਨੇ ਇਸ ਵਾਰ ਮੇਲੇ ‘ਚ ਸੰਗੀਤ ਦੀ ਨਵੀਂ ਪਰਵਾਜ਼ ਭਰੀ | ਹਰਿੰਦਰ ਸੋਹਲ ਅੰਮਿ੍ਤਸਰ ਅਤੇ ਉਸ ਦੇ ਸਾਥੀਆਂ ਨੇ ਗਾਇਕੀ ਨਾਲ ਲੋਕਾਂ ਦਾ ਮਨ ਮੋਹ ਲਿਆ | ਖਾਲਸਾ ਕਾਲਜ ਗੜ੍ਹਦੀਵਾਲਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਗੁਰਪਿੰਦਰ ਸਿੰਘ ਦੀ ਅਗਵਾਈ ‘ਚ ਗੀਤ-ਸੰਗੀਤ ਪੇਸ਼ ਕੀਤਾ |
ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਨੇ ਕਵੀਸ਼ਰੀਆਂ ਰਾਹੀਂ ਮੇਲੇ ‘ਚ ਗਾਇਕੀ ਦਾ ਰੰਗ ਭਰਿਆ |
ਮੇਲੇ ਦੇ ਇੱਕ ਹੋਰ ਭਾਵਪੂਰਤ ਸੈਸ਼ਨ ਵਿਚਾਰ-ਚਰਚਾ ਵਿੱਚ ਬੋਲਦਿਆਂ ਕੁਦਰਤੀ ਸਰੋਤਾਂ ਅਤੇ ਆਦਿਵਾਸੀਆਂ ਦੇ ਹਿੱਤਾਂ ਲਈ ਸਰਗਰਮ ਕਾਰਕੁਨ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਕਿਤੇ ਵੀ ਜਬਰ ਹੁੰਦਾ ਹੈ, ਉਸ ਨੂੰ ਸਾਰੇ ਮੁਲਕ ਉੱਤੇ ਜਬਰ ਸਮਝਿਆ ਜਾਵੇ | ਸਾਡੇ ਪ੍ਰਬੰਧਕੀ ਅਤੇ ਨਿਆਂ ਦੇਣ ਵਾਲੇ ਅਦਾਰੇ ਹਕੂਮਤ ਨੇ ਹਥਿਆ ਲਏ ਹਨ | ਡਰ, ਹਕੀਕਤ ਸਾਡੇ ਸਭ ਦੇ ਮਸਲੇ ਅਤੇ ਲੜਾਈ ਸਾਂਝੀ ਹੈ |
ਜਮਹੂਰੀ ਕਾਰਕੁੰਨ ਐਡਵੋਕੇਟ ਰਾਜਵਿੰਦਰ ਬੈਂਸ ਨੇ ਕਿਹਾ ਕਿ ਮੌਜੂਦਾ ਹਾਕਮ ਆਮ ਬੰਦੇ ਦੇ ਜਮਹੂਰੀ ਹੱਕਾਂ ਨੂੰ ਹੀ ਨਹੀਂ ਕੁਚਲ ਰਹੇ, ਸਗੋਂ ਮੁਲਕ ਦੀ ਵੰਨ-ਸੁਵੰਨਤਾ ਨੂੰ ਵੀ ਬੁਰੀ ਤਰ੍ਹਾਂ ਢਾਹ ਲਾ ਰਹੇ ਹਨ | ਸਾਮਰਾਜੀਆਂ ਵੱਲੋਂ ਕੁਦਰਤੀ ਸਰੋਤਾ ਉੱਤੇ ਕੀਤੇ ਜਾ ਰਹੇ ਕਬਜ਼ਿਆਂ ਪ੍ਰਤੀ ਵੀ ਸਾਡੇ ਹਾਕਮਾਂ ਦੀ ਮੁਕੰਮਲ ਸਹਿਮਤੀ ਹੈ |
ਕਮੇਟੀ ਮੈਂਬਰ ਹਰਦੇਵ ਅਰਸ਼ੀ ਨੇ ਜਿੱਥੇ ਅੰਤਰਰਾਸ਼ਟਰੀ ਸਾਮਰਾਜੀਆਂ ਵੱਲੋਂ ਬੀਤੇ ਤਿੰਨ ਦਹਾਕਿਆਂ ਵਿੱਚ ਕੀਤੀਆਂ ਕਰਤੂਤਾਂ ਦਾ ਚਿੱਠਾ ਬਿਆਨਦਿਆਂ ਵਿਸ਼ਾਲ ਲੋਕ ਏਕਤਾ ਦਾ ਸੱਦਾ ਦਿੱਤਾ, ਉਥੇ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਆਰਥਕ ਮੁੱਦਿਆਂ ‘ਤੇ ਸੰਘਰਸ਼ ਕਰਨ ਸਮੇਤ ਰਾਜਨੀਤਕ ਲੜਾਈ ਲੜਣੀ ਵੀ ਸਮੇਂ ਦੀ ਅਹਿਮ ਲੋੜ ਹੈ | ਇਸ ਵਿਚਾਰ-ਚਰਚਾ ਦਾ ਮੰਚ ਸੰਚਾਲਨ ਜਿੱਥੇ ਕਾਰਜਕਾਰੀ ਸਕੱਤਰ ਡਾ. ਪਰਮਿੰਦਰ ਨੇ ਬੇਹੱਦ ਭਾਵਪੂਰਤ ਢੰਗ ਨਾਲ ਕੀਤਾ, ਉਥੇ ਪ੍ਰਧਾਨ ਅਜਮੇਰ ਸਿੰਘ ਨੇ ਧੰਨਵਾਦੀ ਤਕਰੀਰ ਕਰਦਿਆਂ ਅਦਾਰੇ ਵੱਲੋਂ ਲੋਕ-ਹੱਕਾਂ ਅਤੇ ਲੋਕ-ਸੰਘਰਸ਼ਾਂ ਨੂੰ ਥੜ੍ਹਾ ਮੁਹੱਇਆ ਕਰਵਾਉਣ ਅਤੇ ਹਰ ਸੰਭਵ ਮਦਦ ਕਰਨ ਦਾ ਅਹਿਦ ਦੁਹਰਾਇਆ |
ਪਹਿਲਾਂ ਵਾਂਗ ਹੀ ਜਨਤਾ ਅਤੇ ਆਕਸਫੋਰਡ ਹਸਪਤਾਲ ਜਲੰਧਰ ਵੱਲੋਂ ਮੈਡੀਕਲ ਸਹਾਇਤਾ ਕੈਂਪ ਲਗਾਇਆ ਗਿਆ |





