ਅੰਮਿ੍ਤਸਰ (ਜਸਬੀਰ ਸਿੰਘ ਪੱਟੀ) : ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਨੂੰ ਸ਼ੁੱਕਰਵਾਰ ਗੋਪਾਲ ਮੰਦਰ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ | ਸੂਰੀ ਗੋਪਾਲ ਮੰਦਰ ਦੇ ਬਾਹਰ ਕੂੜੇ ਵਿੱਚੋਂ ਰਾਮ ਜੀ ਦੀਆਂ ਮੂਰਤੀਆਂ ਮਿਲਣ ਨੂੰ ਲੈ ਕੇ ਪ੍ਰਬੰਧਕ ਕਮੇਟੀ ਦੇ ਖਿਲਾਫ ਧਰਨੇ ‘ਤੇ ਬੈਠੇ ਹੋਏ ਸਨ ਤੇ ਜਦੋਂ ਕਮੇਟੀ ਵਾਲੇ ਗਲਤੀ ਮੰਨ ਕੇ ਮੁਆਫੀ ਮੰਗ ਰਹੇ ਸਨ ਤਾਂ ਤਕਰਾਰ ਦੀ ਸਥਿਤੀ ਬਣ ਗਈ | ਇਸੇ ਦੌਰਾਨ ਹੀ ਸੂਰੀ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਨਾਲ ਸੂਰੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ | ਨਿਜੀ ਹਸਪਤਾਲ ਦੇ ਡਾਕਟਰਾਂ ਨੇ ਸੂਰੀ ਨੂੰ ਮਿ੍ਤਕ ਐਲਾਨ ਦਿੱਤਾ | ਸੂਰੀ ਨੂੰ ਪੁਲਸ ਸੁਰੱਖਿਆ ਮਿਲੀ ਹੋਈ ਸੀ | ਦੱਸਿਆ ਜਾਂਦਾ ਹੈ ਕਿ ਸੂਰੀ ‘ਤੇ ਪੰਜ ਗੋਲੀਆਂ ਚਲਾਈਆਂ ਗਈਆਂ ਤੇ ਉਹ ਗੋਲੀਆਂ ਲੱਗਣ ਦੇ ਬਾਅਦ ਬੇਸੁਰਤ ਹੋ ਕੇ ਡਿੱਗ ਗਏ | ਦੋ ਗੋਲੀਆਂ ਛਾਤੀ ਵਿਚ ਲੱਗੀਆਂ | ਗੋਲੀ ਚਲਾਉਣ ਵਾਲਾ ਸ਼ਖ਼ਸ ‘ਵਾਰਸ ਪੰਜਾਬ ਦੇ’ ਦਾ ਦੱਸਿਆ ਜਾਂਦਾ ਹੈ ਤੇ ਉਸ ਦੀ ਕਾਰ ‘ਤੇ ਇਸਦਾ ਸਟਿੱਕਰ ਲੱਗਾ ਹੋਇਆ ਸੀ | ਸੂਰੀ ਸਮੱਰਥਕਾਂ ਨੇ ਉਸ ਕਾਰ ਨੂੰ ਇੱਟਾਂ ਰੋੜੇ ਮਾਰ ਕੇ ਸ਼ੀਸੇ ਤੋੜ ਦਿੱਤੇ | ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਨੂੰ ਗਿ੍ਫਤਾਰ ਕਰਕੇ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ | ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਕਿ ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਇਸ ਬਾਰੇ ਅਜੇ ਕੁਝ ਕਹਿਣਾ ਸਮੇਂ ਤੋਂ ਪਹਿਲਾਂ ਹੋਵੇਗਾ ਕਿ ਕੀ ਇਹ ਦਹਿਸ਼ਤਗਰਦੀ ਦੀ ਘਟਨਾ ਸੀ | ਸੰਦੀਪ ਨੇ ਸ਼ੁਰੂਆਤੀ ਪੁੱਛਗਿੱਛ ਵਿਚ ਦੱਸਿਆ ਕਿ ਉਹ ਸੂਰੀ ਨੂੰ ਕਦੇ ਨਹੀਂ ਮਿਲਿਆ | ਹਲਕੇ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਘਟਨਾ ‘ਤੇ ਅਫਸੋਸ ਪ੍ਰਗਟ ਕਰਦਿਆਂ ਪੁਲਸ ਕਮਿਸ਼ਨਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ | ਉਨ੍ਹਾ ਕਿਹਾ ਕਿ ਉਨ੍ਹਾ ਨੇ ਨਿਯੁਕਤੀ ਵਾਲੇ ਦਿਨ ਹੀ ਕਮਿਸ਼ਨਰ ਨੂੰ ਨਾਅਹਿਲ ਦੱਸਿਆ ਸੀ ਤੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਅਰੁਣਪਾਲ ਨੂੰ ਤੁਰੰਤ ਲਾਂਭੇ ਕੀਤਾ ਜਾਵੇ ਪਰ ਸਰਕਾਰ ਨੇ ਉਨ੍ਹਾ ਦੀ ਅਪੀਲ ਵੱਲ ਕੋਈ ਧਿਆਨ ਨਹੀਂ ਦਿੱਤਾ | ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਚਰਮਰਾ ਗਈ ਹੈ ਤੇ ਮੁੱਖ ਮੰਤਰੀ ਗੁਜਰਾਤ ਘੁੰਮ ਰਹੇ ਹਨ | ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਮਨ-ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ |





