ਅੰਮਿ੍ਤਸਰ : ਅੰਮਿ੍ਤਸਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਦੀ ਜ਼ਿੰਮੇਵਾਰੀ ਕੈਨੇਡਾ ਰਹਿੰਦੇ ਖਤਰਨਾਕ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਈ ਹੈ | ਲੰਡਾ ਦੇ ਖਾਲਿਸਤਾਨੀ ਅੱਤਵਾਦੀਆਂ ਨਾਲ ਸੰਬੰਧ ਮੰਨੇ ਜਾਂਦੇ ਹਨ | ਕੌਮੀ ਜਾਂਚ ਏਜੰਸੀ ਨੇ ਵੀ ਕਤਲ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਸੁਰੱਖਿਆ ਏਜੰਸੀਆਂ ਇਸ ਕਤਲ ‘ਚ ਖਾਲਿਸਤਾਨੀ ਐਂਗਲਾਂ ਦੀ ਜਾਂਚ ਕਰ ਰਹੀਆਂ ਹਨ | ਇਸ ਦੇ ਨਾਲ ਹੀ ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ | ਅਦਾਲਤ ਨੇ ਉਸ ਨੂੰ ਸੱਤ ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ | ਲਖਬੀਰ ਸਿੰਘ ਲੰਡਾ ਨੇ ਇੰਟਰਨੈੱਟ ‘ਤੇ ਪੋਸਟ ਪਾ ਕੇ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ | ਲਖਬੀਰ ਪਾਕਿਸਤਾਨ ‘ਚ ਬੈਠੇ ਅੱਤਵਾਦੀ ਹਰਮਿੰਦਰ ਸਿੰਘ ਰਿੰਦਾ ਨਾਲ ਮਿਲ ਕੇ ਪੰਜਾਬ ‘ਚ ਅੱਤਵਾਦ ਦਾ ਨੈੱਟਵਰਕ ਚਲਾ ਰਿਹਾ ਹੈ |
ਦੂਸਰੇ ਪਾਸੇ ਸੂਰੀ ਦੀ ਹੱਤਿਆ ਮਾਮਲੇ ਨਾਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦਾ ਨਾਂਅ ਵੀ ਜੁੜ ਰਿਹਾ ਹੈ | ਮੋਗਾ ਦੇ ਪਿੰਡ ਸਿੰਘਾਂਵਾਲਾ ਵਿਖੇ ਡੇਰਾ ਭਾਈ ਸੇਵਾ ਸਿੰਘ ‘ਚ ਅੰਮਿ੍ਤਪਾਲ ਸਿੰਘ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ | ਜਥੇਬੰਦੀ ਦੇ ਮੈਂਬਰ ਸੁਖਰਾਜ ਸਿੰਘ ਨੇ ਇਹ ਦਾਅਵਾ ਕੀਤਾ ਹੈ | ਡੇਰੇ ‘ਚ ਭਾਰੀ ਪੁਲਸ ਫੋਰਸ ਤਾਇਨਾਤ ਹੈ | ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਉਹ ਜੇਲ੍ਹ ਜਾਣ ਨੂੰ ਵੀ ਤਿਆਰ ਹੈ | ਉਸ ਨੇ ਦੱਸਿਆ ਕਿ ਮੁਲਜ਼ਮ ਦੀ ਕਾਰ ‘ਤੇ ਪੁਲਸ ਦਾ ਵੀ ਸਟਿੱਕਰ ਲੱਗਾ ਹੋਇਆ ਹੈ, ਜਿਸ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਪੁਲਸ ਵੀ ਇਸ ਮਾਮਲੇ ‘ਚ ਸ਼ਾਮਲ ਹੈ |
ਪੋਸਟਮਾਰਟਮ ਤੋਂ ਬਾਅਦ ਸੁਧੀਰ ਸੂਰੀ ਦਾ ਮਿ੍ਤਕ ਸਰੀਰ ਉਨ੍ਹਾ ਦੇ ਘਰ ਭਾਰੀ ਪੁਲਸ ਫੋਰਸ ਨਾਲ ਲਿਆਂਦਾ ਗਿਆ | ਭਾਰੀ ਗਿਣਤੀ ਵਿਚ ਲੋਕ ਸੂਰੀ ਦੇ ਘਰ ਪਹੁੰਚੇ | ਪਰਵਾਰਕ ਮੈਂਬਰਾਂ ਮੁਤਾਬਕ ਉਦੋਂ ਤੱਕ ਸੂਰੀ ਦਾ ਸਸਕਾਰ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਸੂਰੀ ਨੂੰ ਸ਼ਹੀਦ ਦਾ ਦਰਜਾ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਨਹੀਂ ਦਿੱਤਾ ਜਾਂਦਾ | ਸੂਰੀ ਦੇ ਘਰ ਇਸ ਸਮੇਂ ਮਾਤਮ ਛਾਇਆ ਹੋਇਆ ਹੈ ਤੇ ਪੂਰੇ ਇਲਾਕੇ ਵਿਚ ਲੋਕ ਸਹਿਮੇ ਹੋਏ ਹਨ | ਪੁਲਸ ਦੇ ਉੱਚ ਅਧਿਕਾਰੀ ਮੌਜੂਦਾ ਹਾਲਾਤ ਨੂੰ ਕਾਬੂ ਹੇਠ ਕਰਨ ਲਈ ਜੁਟੇ ਰਹੇ | ਸੁਧੀਰ ਸੂਰੀ ਦੇ ਘਰ ਦੇ ਬਾਹਰ ਸ਼ਿਵ ਸੈਨਿਕਾਂ ਅਤੇ ਸਮੱਰਥਕਾਂ ਨੇ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ | ਮੌਕੇ ‘ਤੇ ਭਾਰੀ ਫੋਰਸ ‘ਚ ਤੈਨਾਤ ਪੁਲਸ ਅਧਿਕਾਰੀਆਂ ਨੇ ਮਾਹੌਲ ਨੂੰ ਸ਼ਾਂਤ ਕਰਨ ਲਈ ਪੂਰੀ ਕੋਸ਼ਿਸ਼ ਕਰਦੀ ਰਹੀ, ਪਰ ਸ਼ਿਵ ਸੈਨਿਕ ਅਤੇ ਸਮੱਰਥਕ ਲਗਾਤਾਰ ਜੈ ਸ੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਸੂਰੀ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਦੇ ਰਹੇ |ਉੱਧਰ ਸੂਰੀ ਦੀ ਹੱਤਿਆ ਕਰਨ ਵਾਲੇ ਸੰਦੀਪ ਸਿੰਘ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਦੇ ਹੱਥ ਇਕ ਵੀਡੀਓ ਤੇ ਤਸਵੀਰ ਲੱਗੀ ਹੈ | ਇਸ ਵਿਚ ਸੰਦੀਪ ਸਿੰਘ ਖਾਲਿਸਤਾਨ ਸਮਰਥਕ ਅੰਮਿ੍ਤਪਾਲ ਸਿੰਘ ਨੂੰ ਮਿਲ ਰਿਹਾ ਹੈ | ਸੰਦੀਪ ਸਿੰਘ ਉਸ ਵੀਡੀਓ ‘ਚ ਆਪਣੇ ਛੋਟੇ ਬੇਟੇ ਨੂੰ ਅੰਮਿ੍ਤਪਾਲ ਸਿੰਘ ਨੂੰ ਮਿਲਵਾਉਣ ਲਈ ਲੈ ਗਿਆ ਸੀ |
ਸੁਧੀਰ ਸੂਰੀ ਦੀ ਲਾਸ਼ ਦਾ ਸਿਟੀ ਸਕੈਨ ਕਰਵਾਇਆ ਗਿਆ | ਸਿਟੀ ਸਕੈਨ ਤੋਂ ਪਤਾ ਲੱਗਾ ਕਿ ਸੂਰੀ ਨੂੰ ਚਾਰ ਗੋਲੀਆਂ ਲੱਗੀਆਂ ਸਨ | ਦੋ ਗੋਲੀਆਂ ਛਾਤੀ ਨੇੜੇ ਲੱਗੀਆਂ | ਇਕ ਗੋਲੀ ਪੇਟ ਨੇੜੇ ਤੇ ਇਕ ਮੋਢੇ ਨੂੰ ਛੂਹ ਕੇ ਲੰਘ ਗਈ | ਸਿਟੀ ਸਕੈਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਪੋਸਟਮਾਰਟਮ ਹਾਊਸ ਲਿਜਾਇਆ ਗਿਆ | ਮੈਡੀਕਲ ਕਾਲਜ ‘ਚ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਸੁਧੀਰ ਸੂਰੀ ਦਾ ਪੋਸਟਮਾਰਟਮ ਕੀਤਾ ਗਿਆ | ਇਸ ਟੀਮ ਵਿੱਚ ਡਾ. ਜਤਿੰਦਰ ਪਾਲ, ਡਾ. ਕਰਮਜੀਤ, ਡਾ. ਸੰਨੀ ਬਸਰਾ ਸ਼ਾਮਲ ਸਨ | ਬਟਾਲਾ ਤੇ ਅੰਮਿ੍ਤਸਰ ‘ਚ ਪੁਲਸ ਨੇ ਸ਼ਹਿਰ ਦੇ ਹਿੰਦੂ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ | ਸ਼ਿਵ ਸੈਨਿਕਾਂ ਦਾ ਕਹਿਣਾ ਸੀ ਕਿ ਪੁਲਸ ਅਧਿਕਾਰੀਆਂ ਨੇ ਹਿੰਦੂ ਆਗੂਆਂ ਤੇ ਸ਼ਿਵ ਸੈਨਿਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਬੰਦ ਕਰ ਦਿੱਤਾ ਹੈ ਤਾਂ ਜੋ ਸ਼ਹਿਰ ‘ਚ ਹਾਲਾਤ ਨਾ ਵਿਗੜਨ | ਨਾਲ ਹੀ ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ |
ਸਨਿੱਚਰਵਾਰ ਪੰਜਾਬ ਬੰਦ ਦੇ ਸੱਦੇ ਦਾ ਕਈ ਸ਼ਹਿਰਾਂ ‘ਚ ਅਸਰ ਦੇਖਣ ਨੂੰ ਮਿਲਿਆ | ਅੰਮਿ੍ਤਸਰ ‘ਚ ਸਵੇਰੇ ਸ਼ਿਵ ਸੈਨਿਕ ਮੋਟਰਸਾਈਕਲਾਂ ‘ਤੇ ਬਾਜ਼ਾਰਾਂ ‘ਚ ਦੁਕਾਨਾਂ ਬੰਦ ਕਰਵਾਉਣ ਨਿਕਲੇ | ਸੂਰੀ ਦੇ ਕਤਲ ਦੇ ਵਿਰੋਧ ‘ਚ ਹੁਸ਼ਿਆਰਪੁਰ ਦੇ ਬਾਜ਼ਾਰ ਬੰਦ ਰਹੇ | ਬੰਦ ਦੇ ਸੱਦੇ ਨੂੰ ਗੁਰਦਾਸਪੁਰ ‘ਚ ਵੀ ਸਮਰਥਨ ਮਿਲਿਆ |
ਜ਼ਿਕਰਯੋਗ ਹੈ ਕਿ ਸ਼ਿਵ ਸੈਨਾ (ਟਕਸਾਲੀ) ਦੇ ਆਗੂ ਹਰਦੀਪ ਪੁਰੀ, ਸ਼ਿਵ ਸੈਨਾ (ਰਾਸ਼ਟਰਵਾਦੀ) ਦੇ ਸਚਿਨ ਬਹਿਲ, ਸ਼ਿਵ ਸੈਨਾ (ਭਾਰਤੀ) ਦੇ ਅਜੈ ਸੇਠ, ਸ਼ਿਵ ਸੈਨਾ (ਸੂਰਿਆਵੰਸ਼ੀ) ਦੇ ਰਾਕੇਸ਼ ਭਸੀਨ ਤੇ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਆਗੂਆਂ ਨੇ ਵਪਾਰੀਆਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਸੀ | ਫਾਜ਼ਿਲਕਾ ਦੀਆਂ ਕੁਝ ਜਥੇਬੰਦੀਆਂ ਨੇ ਪੰਜਾਬ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ | ਇਸ ਸੰਬੰਧੀ ਵਪਾਰ ਮੰਡਲ ਨਾਲ ਵੀ ਗੱਲਬਾਤ ਕੀਤੀ ਗਈ, ਜਿਸ ‘ਤੇ ਵਪਾਰ ਮੰਡਲ ਨੇ 12 ਵਜੇ ਤੱਕ ਦੁਕਾਨਾਂ ਬੰਦ ਰੱਖ ਕੇ ਸਮਰਥਨ ਕਰਨ ਦੀ ਹਾਮੀ ਭਰੀ, ਪਰ ਬਾਅਦ ਵਿਚ ਸ਼ਿਵ ਸੈਨਾ ਆਗੂਆਂ ਦੇ ਕਹਿਣ ‘ਤੇ ਹੀ ਇਹ ਬੰਦ ਰੱਦ ਕਰ ਦਿੱਤਾ ਗਿਆ |





