ਸਾਨਫਰਾਂਸਿਸਕੋ : ਟਵਿੱਟਰ ਦੇ ਨਵੇਂ ਮਾਲਕ ਨੇ ਕੰਪਨੀ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ | ਟਵਿਟਰ ਦੇ ਮੁਲਾਜ਼ਮ ਸਵੇਰੇ ਸੁੱਤੇ ਉਠੇ ਤਾਂ ਕੰਪਨੀ ਵੱਲੋਂ ਭੇਜੇ ਈ ਮੇਲ ਨੇ ਉਨ੍ਹਾਂ ਦੇ ਹੋਸ਼ ਉਡਾ ਦਿੱਤੇ | ਈ ਮੇਲ ‘ਚ ਕਿਹਾ— ਜੇਕਰ ਅੱਜ ਦਫ਼ਤਰ ਆਉਣ ਦੀ ਸੋਚ ਰਹੇ ਹੋ ਤਾਂ ਰੁਕ ਜਾਓ, ਪਹਿਲਾਂ ਚੈੱਕ ਕਰ ਲਓ ਕਿ ਤੁਹਾਡੀ ਨੌਕਰੀ ਬਚੀ ਹੈ ਜਾਂ ਨਹੀਂ | ਪਹਿਲਾਂ ਤੋਂ ਮੰਨਿਆ ਜਾ ਰਿਹਾ ਸੀ ਕਿ ਮਸਕ ਟਵਿੱਟਰ ਦੇ ਕਈ ਮੁਲਾਜ਼ਮਾਂ ਨੂੰ ਕੱਢ ਦੇਵੇਗਾ, ਪਰ ਇਸ ਤਰ੍ਹਾਂ ਕੱਢੇਗਾ, ਇਹ ਨਹੀਂ ਸੋਚਿਆ ਸੀ | ਐਲੋਨ ਮਸਕ ਨੇ ਕਿਹਾ ਕਿ ਟਵਿਟਰ ਦੇ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਤੋਂ ਇਲਾਵਾ ਕੋਈ ਚਾਰਾ ਨਹੀਂ, ਕਿਉਂਕਿ ਕੰਪਨੀ ਨੂੰ ਰੋਜ਼ਾਨਾ 40 ਲੱਖ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ | ਭਾਰਤ ਸਮੇਤ ਦੁਨੀਆ ਭਰ ਦੇ 3800 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਟਵਿੱਟਰ ਦੇ ਨਵੇਂ ਸੀ ਈ ਓ ਨੇ ਇਹ ਗੱਲ ਕਹੀ |
ਮੁਲਾਜ਼ਮਾਂ ਨੇ ਸਾਨਫਰਾਂਸਿਸਕੋ ਦੀ ਇੱਕ ਅਦਾਲਤ ‘ਚ ਮੁਕੱਦਮਾ ਦਰਜ ਕੀਤਾ ਹੈ | ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੰਪਨੀ ਪ੍ਰਾਪਤ ਨੋਟਿਸ ਦਿੱਤੇ ਬਗੈਰ ਉਨ੍ਹਾਂ ਨੂੰ ਕੱਢ ਰਹੀ ਹੈ | ਭੇਜੀਆਂ ਗਈਆਂ ਈ ਮੇਲਾਂ ‘ਚ ਲਿਖਿਆ ਗਿਆ ਹੈ—ਟਵਿਟਰ ਲਈ ਮਹੱਤਵਪੂਰਨ ਯੋਗਦਾਨ ਵਾਲੇ ਕਈ ਮੁਲਾਜ਼ਮ ਪ੍ਰਭਾਵਿਤ ਹੋਣਗੇ, ਪਰ ਟਵਿਟਰ ਨੂੰ ਸਫ਼ਲਤਾ ਦੇ ਰਸਤੇ ‘ਤੇ ਲਿਜਾਣ ਲਈ ਇਹ ਕਦਮ ਜ਼ਰੂਰੀ ਹੈ | ਈਮੇਲ ‘ਚ ਲਿਖਿਆ ਹੈ— ਆਪਣੇ ਸਪੈਮ ਫੋਲਡਰ ਸਮੇਤ ਮੇਲ ਚੈੱਕ ਕਰੋ | ਜੇਕਰ ਤੁਹਾਡੀ ਨੌਕਰੀ ਪ੍ਰਭਾਵਤ ਨਹੀਂ ਹੋਈ ਹੈ ਤਾਂ ਤੁਹਾਨੂੰ ਟਵਿਟਰ ਈਮੇਲ ਜ਼ਰੀਏ ਨੋਟੀਫਿਕੇਸ਼ਨ ਮਿਲੇਗਾ | ਨੌਕਰੀ ਪ੍ਰਭਾਵਤ ਹੋਈ ਹੈ ਤਾਂ ਅਗਲੇ ਕਦਮਾਂ ਲਈ ਈਮੇਲ ਜ਼ਰੀਏ ਇੱਕ ਨੋਟੀਫਿਕੇਸ਼ਨ ਮਿਲੇਗਾ |





