ਮੋਦੀ ਪੁੱਜੇ ਡੇਰਾ ਬਿਆਸ

0
292

ਅੰਮਿ੍ਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਪੰਜਾਬ ‘ਚ ਰਾਧਾ ਸੁਆਮੀ ਸੰਪਰਦਾ ਦੇ ਡੇਰਾ ਬਿਆਸ ਪਹੁੰਚੇ ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ | ਇਸ ਤੋਂ ਪਹਿਲਾਂ ਜਲੰਧਰ ਦੇ ਆਦਮਪੁਰ ਏਅਰਬੇਸ ‘ਤੇ ਪਹੁੰਚਣ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਡੇਰੇ ‘ਚ ਮੋਦੀ ਸੰਗਤ ਨੂੰ ਵੀ ਮਿਲੇ | ਇਸ ਤੋਂ ਬਾਅਦ ਉਹ ਹਿਮਾਚਲ ਪ੍ਰਦੇਸ਼ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਲਈ ਰਵਾਨਾ ਹੋ ਗਏ | ਡੇਰਾ ਬਿਆਸ ਪੁੱਜਣ ‘ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਪੀ ਐਮ ਮੋਦੀ ਨੇ ਡੇਰੇ ‘ਚ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ | ਇਸ ਦੌਰਾਨ ਪ੍ਰਧਾਨ ਮੰਤਰੀ ਸੰਗਤ ਭਵਨ ਵੀ ਪੁੱਜੇ ਤੇ ਉਥੇ ਮੌਜੂਦ ਡੇਰਾ ਸਮਰਥਕਾਂ ਦਾ ਨਮਸਕਾਰ ਵੀ ਕਬੂਲਿਆ | ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਡੇਰੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਦੋਵਾਂ ਨੇ ਬੰਦ ਕਮਰੇ ‘ਚ ਗੁਫਤਗੂ ਕੀਤੀ | ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਡੇਰਾ ਬਿਆਸ ਆਏ | ਡੇਰਾ ਬਿਆਸ ਦਾ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ‘ਚ ਵੀ ਕਾਫੀ ਅਸਰ ਹੈ | ਹਿਮਾਚਲ ਪ੍ਰਦੇਸ਼ ‘ਚ ਵੱਡੀ ਗਿਣਤੀ ‘ਚ ਡੇਰਾ ਬਿਆਸ ਦੇ ਪੈਰੋਕਾਰ ਹਨ | ਪ੍ਰਧਾਨ ਮੰਤਰੀ ਮੋਦੀ ਦੇ ਆਦਮਪੁਰ ਏਅਰ ਫੋਰਸ ਸਟੇਸ਼ਨ ‘ਤੇ ਪਹੁੰਚਣ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਰਾਜ ਦੇ ਮੁੱਖ ਸਕੱਤਰ ਵੀ ਕੇ ਜੰਜੂਆ ਤੇ ਡੀ ਜੀ ਪੀ ਗੌਰਵ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਹੈਲੀਕਾਪਟਰ ਰਾਹੀਂ ਡੇਰਾ ਬਿਆਸ ਲਈ ਰਵਾਨਾ ਹੋਏ | ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੇ ਮੱਦੇਨਜਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ | ਹਾਲਾਂਕਿ ਪੀਐਮ ਮੋਦੀ ਹੈਲੀਕਾਪਟਰ ਰਾਹੀਂ ਡੇਰਾ ਬਿਆਸ ਗਏ, ਪਰ ਸੜਕਾਂ ਦੇ ਕਿਨਾਰੇ ਸੁਰੱਖਿਆ ਵੀ ਸਖਤ ਕਰ ਦਿੱਤੀ ਗਈ ਸੀ | ਡੇਰਾ ਬਿਆਸ ਦੇ ਆਲੇ-ਦੁਆਲੇ ਵੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੋਈ ਸੀ |

LEAVE A REPLY

Please enter your comment!
Please enter your name here